ਡੇਰਾਬੱਸੀ – ਡੇਰਾਬੱਸੀ ਬਲਾਕ ਦੇ ਪਿੰਡ ਸ਼ੇਖਪੁਰਾ ਕਲਾਂ ਦਾ ਇੱਕ 24 ਸਾਲਾ ਨੌਜਵਾਨ 8 ਮਹੀਨੇ ਪਹਿਲਾਂ ਡੌੰਕੀ ਰਾਹੀਂ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ। ਪਰ ਬਿਮਾਰੀ ਕਾਰਨ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਕੰਬੋਡੀਆ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਦੀਪ ਵਜੋਂ ਹੋਈ ਹੈ, ਜੋ ਕਿ ਸ਼ੇਖਪੁਰਾ ਕਲਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਰਣਦੀਪ ਦਾ ਪਰਿਵਾਰ ਉਸ ਦੀ ਲਾਸ਼ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਪੀੜਤ ਪਰਿਵਾਰ ਨੇ ਏਜੰਟ ਵਿਰੁੱਧ ਡੇਰਾਬੱਸੀ ਪੁਲਸ ਨੂੰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਰਣਦੀਪ (24) ਪੁੱਤਰ ਬਲਵਿੰਦਰ, ਪਿੰਡ ਸ਼ੇਖਪੁਰਾ ਕਲਾਂ ਨਿਵਾਸੀ, ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਅਤੇ ਹਾਲੇ ਕੁਵਾਰਾ ਸੀ। ਉਸ ਨੇ ਸਿਰਫ਼ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ ਅਤੇ ਉਸ ਦਾ ਅਮਰੀਕਾ ਜਾਣ ਦਾ ਸੁਪਨਾ ਸੀ। ਉਹ ਅੰਬਾਲਾ ਵਿੱਚ ਇੱਕ ਰਿਸ਼ਤੇਦਾਰ ਟ੍ਰੈਵਲ ਏਜੰਟ ਨਾਲ ਲਗਭਗ 43 ਲੱਖ ਰੁਪਏ ਦਾ ਸੌਦਾ ਕਰਨ ਤੋਂ ਬਾਅਦ ਅਮਰੀਕਾ ਲਈ ਘਰੋਂ ਚਲਾ ਗਿਆ ਸੀ।