ਪਟਿਆਲਾ/ਸਮਾਣਾ, 13 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਕਿਹਾ ਕਿ ਉਹ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰਨ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਤੇ ਕਿਹਾ ਕਿ ਇਹਨਾਂ ਆਗੂਆਂ ਨੇ ਪਹਿਲਾਂ ਹੀ ਆਪਣੀ ਜ਼ਮੀਰ ਵੇਚ ਦਿੱਤੀ ਹੈ ਤੇ ਇਹਨਾਂ ਤੋਂ ਤੁਹਾਡੇ ਲਈ ਕੁਝ ਵੀ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ।
ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਪੰਜਾਬ ਬਚਾਓ ਯਾਤਰਾ ਤਹਿਤ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਦੇ ਨਾਲ ਰਲ ਕੇ ਸੀਨੀਅਰ ਆਗੂ ਐਨ ਕੇ ਸ਼ਰਮਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਤਿੰਨੋਂ ਪਾਰਟੀਆਂ ਦੇ ਆਗੂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਨੀਤ ਕੌਰ ਤੇ ਧਰਮਵੀਰ ਗਾਂਧੀ ਨੇ ਆਪੋ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਹੈ। ਅਜਿਹੇ ਆਗੂ ਤੁਹਾਨੂੰ ਫਿਰ ਧੋਖਾ ਦੇ ਸਕਦੇ ਹਨ ਤੇ ਇਸ ਵਾਰ ਇਹਨਾਂ ਦਾ ਚੋਣਾਂ ਵਿਚ ਹਾਰਨਾ ਜ਼ਰੂਰੀ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਅਤੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਪਰ ਕੀਤਾ ਕੱਖ ਵੀ ਨਹੀਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਪੰਜ ਸਾਲ ਤੱਕ ਸਰਕਾਰ ਚਲਾਉਣ ਦੇ ਬਾਵਜੂਦ ਪਟਿਆਲਾ ਵਿਚ ਇਕ ਵੀ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਨਹੀਂ ਲਿਆਂਦਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ। ਇਸ ਸਰਕਾਰ ਨੇ ਸਾਰੀਆਂ ਫਸਲਾਂ ’ਤੇ ਪੰਜ ਮਿੰਟ ਵਿਚ ਐਮ ਐਸ ਪੀ ਦੇਣ ਦਾ ਵਾਅਦਾ ਕੀਤਾ ਪਰ ਕੀਤਾ ਕੱਖ ਵੀ ਨਹੀਂ। ਉਹਨਾਂ ਕਿਹਾ ਕਿ ਇਸਨੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਵੀ ਟਾਲਾ ਵੱਟ ਲਿਆ। ਇਸਨੇ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਦੀ ਪ੍ਰਧਾਨਗੀ ਕੀਤੀ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਲੋਕਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਸ਼ਵਾਸ ਉਠ ਗਿਆ ਹੈ ਤੇ ਲੋਕ ਉਹਨਾਂ ਨੂੰ ਸਿਰਫ ਇਕ ਸ਼ਰਾਬੀ ਹੀ ਸਮਝਦੇ ਹਨ ਜੋ ਸਸਤੇ ਤਮਾਸ਼ੇ ਕਰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਵੀ ਮਹਿਸੂਸ ਕਰ ਲਿਆ ਹੈ ਕਿ ਆਪ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਦੋਵੇਂ ਪਾਰਟੀਆਂ ਦੋਸਤਾਨਾ ਮੈਚ ਖੇਡ ਰਹੀਆਂ ਹਨ ਕਿਉਂਕਿ ਉਹਨਾਂ ਦਾ ਕੌਮੀ ਪੱਧਰ ’ਤੇ ਗਠਜੋੜ ਹੈ।
ਲੋਕਾਂ ਨੂੰ ਐਨ ਕੇ ਸ਼ਰਮਾ ਦੀ ਉਮੀਦਵਾਰੀ ਦੀ ਹਮਾਇਤ ਕਰਨ ਦੀ ਜ਼ੋਰਦਾਰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਉਮੀਦਵਾਰ ਜ਼ਮੀਨੀ ਪੱਧਰ ਨਾਲ ਜੁੜਿਆ ਆਗੂ ਹੈ ਜਿਸਦਾ ਸਮਾਜ ਸੇਵਾ ਵਿਚ ਵੱਡਾ ਰਿਕਾਰਡ ਹੈ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਸਿਰਫ ਅਕਾਲੀ ਦਲ ਹੀ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚਲ ਸਕਦਾ ਹੈ, ਸਰਵ ਪੱਖੀ ਵਿਕਾਸ ਕਰ ਸਕਦਾ ਹੈ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖ ਸਕਦਾ ਹੈ।
ਇਸ ਦੌਰਾਨ ਸਾਬਕਾ ਮੰਤਰੀ ਤੇ ਸਮਾਣਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਟਿਆਲਾ ਸੀਟ ’ਤੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਦੇ ਸਾਰੇ ਵਰਕਰ ਇਸ ਸੀਟ ਤੋਂ ਸ੍ਰੀ ਸ਼ਰਮਾ ਨੂੰ ਜਿਤਾਉਣ ਵਾਸਤੇ ਡਟੇ ਹੋਏ ਹਨ। ਉਹਨਾਂ ਕਿਹਾ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਅਜਿਹਾ ਉਮੀਦਵਾਰ ਮਿਲਿਆ ਹੈ ਜੋ ਕਿਰਦਾਰ ਤੇ ਕਾਰਗੁਜ਼ਾਰੀ ਵਿਚ ਸਰਵੋਤਮ ਹੈ।