ਅਬੋਹਰ : ਇੱਥੇ ਢਾਣੀ ਕਮਾਈਆਂ ਵਾਲੀ ’ਚ ਬੀਤੀ ਰਾਤ ਇਕ ਪਿਓ ਨੇ ਆਪਣੀ ਮਾਸੂਮ ਧੀ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਜ਼ਮੀਨ ’ਤੇ ਕਈ ਵਾਰ ਪਟਕਿਆ। ਇਸ ਕਾਰਨ ਬੱਚੀ ਜ਼ਖਮੀ ਹੋ ਗਈ। ਜ਼ਖਮੀ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।ਜ਼ੇਰੇ ਇਲਾਜ ਆਰਤੀ (10) ਪੁੱਤਰੀ ਸੁਰਿੰਦਰ ਦੀ ਮਾਂ ਖੁਸ਼ਬੂ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਧੀ ਆਰਤੀ ਅਤੇ ਉਸ ਦੀ ਛੋਟੀ ਭੈਣ ਮੋਬਾਇਲ ਫੋਨ ਦੇਖਣ ਨੂੰ ਲੈ ਕੇ ਆਪਸ ’ਚ ਬਹਿਸ ਕਰ ਰਹੀਆਂ ਸਨ ਕਿ ਇਸੇ ਦੌਰਾਨ ਉਨ੍ਹਾਂ ਦਾ ਪਿਓ ਸੁਰਿੰਦਰ ਮਜ਼ਦੂਰੀ ਕਰ ਵਾਪਸ ਆਇਆ। ਉਨ੍ਹਾਂ ਨੂੰ ਬਹਿਸ ਕਰਦੀਆਂ ਦੇਖ ਕੇ ਉਹ ਇੰਨੇ ਗੁੱਸੇ ਵਿਚ ਆਇਆ ਕਿ ਉਸ ਨੇ ਆਰਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇੰਨਾ ਹੀ ਨਹੀਂ ਸੁਰਿੰਦਰ ਨੇ ਬਹੁਤ ਹੀ ਬੇਰਹਿਮ ਰਵੱਈਆ ਦਿਖਾਇਆ ਅਤੇ ਆਰਤੀ ਨੂੰ ਕਈ ਵਾਰ ਜ਼ਮੀਨ ’ਤੇ ਪਟਕਿਆ। ਇਸ ਕਾਰਨ ਉਸ ਦੇ ਚਿਹਰੇ ’ਤੇ ਕਾਫੀ ਸੱਟਾਂ ਲੱਗੀਆਂ ਅਤੇ ਉਸ ਦੀ ਬਾਂਹ ਵੀ ਟੁੱਟ ਗਈ। ਜਦੋਂ ਉਸ ਨੇ ਆਪਣੀ ਧੀ ਨੂੰ ਬਚਾਇਆ ਤਾਂ ਸੁਰਿੰਦਰ ਨੇ ਉਸ ਦੀ ਵੀ ਕੁੱਟਮਾਰ ਕੀਤੀ। ਮਾਸੂਮ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਖੁਸ਼ਬੂ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੇ ਪਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।