ਅਹਿਮਦਾਬਾਦ- ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਅਤੇ ਭਾਰਤੀ ਤੱਟ ਰੱਖਿਅਕਾਂ ਨੇ ਅਰਬ ਸਾਗਰ ਤੋਂ 1,800 ਕਰੋੜ ਰੁਪਏ ਦੀ ਕੀਮਤ ਵਾਲੀ 300 ਕਿਲੋਗ੍ਰਾਮ ਨਸ਼ੀਲੀ ਦਵਾਈ ਜ਼ਬਤ ਕੀਤੀ ਹੈ, ਜਿਸ ਨੂੰ ਤਸਕਰਾਂ ਨੇ ਭੱਜਣ ਤੋਂ ਪਹਿਲਾਂ ਸਮੁੰਦਰ ‘ਚ ਸੁੱਟ ਦਿੱਤਾ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕ ਨੇ ਇਕ ਰਿਲੀਜ਼ ‘ਚ ਕਿਹਾ ਕਿ ਜ਼ਬਤ ਕੀਤੀ ਗਈ ਨਸ਼ੀਲੀ ਦਵਾਈ ‘ਮੈਥਾਮਫੇਟਾਮਾਈਨ’ ਹੋਣ ਦਾ ਸ਼ੱਕ ਹੈ ਅਤੇ ਇਸਨੂੰ ਅੱਗੇ ਦੀ ਜਾਂਚ ਲਈ ਏਟੀਐੱਸ ਨੂੰ ਸੌਂਪ ਦਿੱਤਾ ਗਿਆ ਹੈ।
ਏਟੀਐੱਸ ਅਤੇ ਤੱਟ ਰੱਖਿਅਕਾਂ ਨੇ 12 ਅਤੇ 13 ਅਪ੍ਰੈਲ ਦੀ ਰਾਤ ਨੂੰ ਗੁਜਰਾਤ ਦੇ ਤੱਟ ਤੋਂ ਦੂਰ ਅੰਤਰਰਾਸ਼ਟਰੀ ਸਮੁੰਦਰੀ ਸਰਹੱਦੀ ਰੇਖਾ (ਆਈਐੱਮਬੀਐੱਲ) ਦੇ ਨੇੜੇ ਸਾਂਝਾ ਆਪ੍ਰੇਸ਼ਨ ਕੀਤਾ। ਰਿਲੀਜ਼ ‘ਚ ਕਿਹਾ ਗਿਆ ਹੈ ਕਿ ਤੱਟ ਰੱਖਿਅਕ ਜਹਾਜ਼ ਨੂੰ ਨੇੜੇ ਆਉਂਦੇ ਦੇਖ ਕੇ, ਤਸਕਰਾਂ ਨੇ ਤਸਕਰੀ ਸਮੱਗਰੀ ਸਮੁੰਦਰ ‘ਚ ਸੁੱਟ ਦਿੱਤੀ ਅਤੇ ਆਈਐੱਮਬੀਐੱਲ ਵੱਲ ਭੱਜ ਗਏ। ਰਿਲੀਜ਼ ‘ਚ ਕਿਹਾ ਗਿਆ ਹੈ ਕਿ 1,800 ਕਰੋੜ ਰੁਪਏ ਦੇ 300 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।