ਪਟਿਆਲਾ (ਬਲਜਿੰਦਰ)- ਘੋਰ ਕਲਯੁੱਗ ’ਚ ਰਿਸ਼ਤੇ ਕਿਸ ਤਰ੍ਹਾਂ ਤਾਰ-ਤਾਰ ਹੋ ਰਹੇ ਹਨ, ਇਸ ਦੀ ਸਭ ਤੋਂ ਵੱਡੀ ਉਦਾਰਹਨ ਉਦੋਂ ਸਾਹਮਣੇ ਆਈ, ਜਦੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਰਾਬੀ ਹਾਲਤ ’ਚ ਆਪਣੀ ਹੀ 12 ਸਾਲ ਦੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਥਾਣਾ ਪਸਿਆਣਾ ਦੀ ਪੁਲਸ ਨੇ ਰਾਮ ਅਵਤਾਰ ਪੁੱਤਰ ਜਗਨ ਨਾਥ ਵਾਸੀ ਗੜੋਲੀ ਜ਼ਿਲ੍ਹਾ ਗੋਂਡਾ ਯੂ. ਪੀ., ਹਾਲ ਵਾਸੀ ਪਸਿਆਣਾ ਖ਼ਿਲਾਫ਼ 65 (1) ਬੀ. ਐੱਨ. ਐੱਸ. ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜੋ ਕਿ ਅਜੇ ਫਰਾਰ ਹੈ।
ਪੀੜਤ ਲੜਕੀ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਮ ਅਵਤਾਰ ਸ਼ਰਾਬੀ ਹਾਲਤ ’ਚ ਸੀ। ਉਸ ਨੇ ਆਪਣੀ ਹੀ ਲੜਕੀ ਨੂੰ ਦੁਪਹਿਰ ਨੂੰ ਦੁਕਾਨ ਤੋਂ ਲੱਸੀ ਲਿਆਉਣ ਲਈ ਭੇਜਿਆ। ਜਦੋਂ ਲੜਕੀ ਲੱਸੀ ਲਿਆ ਕੇ ਫੜਾਉਣ ਲੱਗੀ ਤਾਂ ਉਸ ਨੇ ਲੜਕੀ ਨੂੰ ਕਮਰੇ ਦੇ ਅੰਦਰ ਵਾੜ ਕੇ ਅੰਦਰ ਕੁੰਡੀ ਲਗਾ ਦਿੱਤੀ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਲੜਕੀ ਵੱਲੋਂ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਦਰਵਾਜ਼ਾ ਖੁਲ੍ਹਵਾਇਆ ਤਾਂ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।