ਲੋਕ ਚੋਣਾਂ ਦੇ ਆਖ਼ਰੀ ਹਫ਼ਤੇ ‘ਚ ਸਿਆਸੀ ਪਾਰਟੀ ਨੇ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ’ਚ ਤੇਜ਼ੀ ਨਾਲ ਵਾਧਾ ਕੀਤਾ ਹੈ। ਇਸੇ ਤਰ੍ਹਾਂ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾਂ ‘ਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਵੱਖ-ਵੱਖ ਪਿੰਡਾਂ ਰਾਮਗੜ੍ਹ ਭੁੱਲਰ, ਤੱਪੜ, ਸ਼ੇਰਪੁਰ ਕਲਾਂ, ਗ਼ਾਲਿਬ ਕਲਾਂ, ਪਿੰਡ ਲੀਲਾ ਮੇਘ ਸਿੰਘ ’ਚ ਭਾਜਪਾ ਉਮੀਦਵਾਰ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਲੋਕ ਭਾਜਪਾ ‘ਚ ਸ਼ਾਮਿਲ ਹੋਏ।
ਇਸ ਮੌਕੇ ਰਵਨੀਤ ਬਿੱਟੂ ਨੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ‘ਚ ਵੀ ਮੱਥਾ ਟੇਕਿਆ। ਰੋਡ ਸ਼ੋਅ ਨੂੰ ਸੰਬੋਧਨ ਕਰਦੇ ਹੋਏ ਬਿੱਟੂ ਨੇ ਵਿਰੋਧੀ ਧਿਰ ਕਾਂਗਰਸ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਰਵਨੀਤ ਬਿੱਟੂ ਨੇ ਕਿਹਾ ਕਿ ਉਹ 10 ਸਾਲ ਕਾਂਗਰਸ ਦੇ ਸੰਸਦ ਮੈਂਬਰ ਰਹੇ ਪਰ ਪਾਰਟੀ ਦੇ ਨਾਂਹਪੱਖੀ ਰਵਈਏ ਕਾਰਨ ਸਿਵਾਏ ਨਾਅਰੇਬਾਜ਼ੀ ਤੋਂ ਕੁਝ ਵੀ ਨਹੀਂ ਹੋਇਆ। ਭਾਜਪਾ ਦੀ ਜਿੱਤ ਦਾਅਵਾ ਕਰਿਦਿਆਂ ਬਿੱਟੂ ਨੇ ਕਿਹਾ ਕਿ ਕੇਂਦਰ ‘ਚ ਤੀਜੀ ਵਾਰ ਮੋਦੀ ਸਰਕਾਰ ਬਣੇਗੀ। ਜੇਕਰ ਗਲਤੀ ਨਾਲ ਵੀ ਸੰਸਦ ‘ਚ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਾਲਾ ਚਲਾ ਗਿਆ ਤਾਂ ਤੁਹਾਡੇ ਲਈ ਕੀ ਕਰੇਗਾ ?