ਗੁਰਦਾਸਪੁਰ/ਡੇਰਾ ਬਾਬਾ ਨਾਨਕ -ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਵੋਟਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜਿਸ ਤਹਿਤ ਹਲਕੇ ਦੇ ਪਿੰਡ ਡੇਰਾ ਪਠਾਣਾ ਵਿਖੇ ਹੋਈ ਝੜਪ ਦੇ ਇਲਾਵਾ ਹੋਰ ਇੱਕਾ ਦੁੱਕਾ ਬਹਿਸਬਾਜੀ ਦੀਆਂ ਘਟਨਾਵਾਂ ਨੂੰ ਛੱਡ ਕੇ ਪੂਰੇ ਅਮਨ ਅਮਾਨ ਨਾਲ ਵੋਟਾਂ ਦਾ ਕੰਮ ਜਾਰੀ ਹੈ। ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਇਸ ਹਲਕੇ ਦੇ ਅੰਦਰ ਪੁਲਸ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਪੈਂਦੇ ਇਲਾਕੇ ਵਿੱਚ ਐੱਸ. ਐੱਸ. ਪੀ. ਹਰੀਸ਼ ਦਯਾਮਾ ਨੇ ਖੁਦ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਸੰਭਾਲੀ ਹੋਈ ਹੈ। ਜਦੋਂ ਕਿ ਬਾਕੀ ਦੇ ਪਿੰਡਾਂ ਵਿੱਚ ਬਟਾਲਾ ਦੇ ਐੱਸ. ਐੱਸ. ਪੀ. ਵੱਲੋਂ ਵੀ ਪੂਰੀ ਸਥਿਤੀ ਦੇ ਨਜ਼ਰ ਰੱਖੀ ਜਾ ਰਹੀ ਹੈ। ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਸੀ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ ਉਸ ਮੌਕੇ ਤੋਂ ਹੀ ਐੱਸ. ਐੱਸ. ਪੀ. ਹਰੀਸ਼ ਦਯਾਮਾ ਅਤੇ ਬਟਾਲਾ ਦੇ ਐੱਸ. ਐੱਸ. ਪੀ. ਵੱਲੋਂ ਪੂਰੀ ਪੁਲਸ ਫੋਰਸ ਸਮੇਤ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਐੱਸ. ਐੱਸ. ਪੀ. ਹਰੀਸ਼ ਦਆਮਾ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਜ਼ਾਦਾਨਾ ਢੰਗ ਨਾਲ ਵੋਟਿੰਗ ਕਰਵਾਉਣ ਲਈ ਵਚਨਬੱਧ ਹੈ।