ਤਰਨਤਾਰਨ – ਤਰਨਤਾਰਨ ਨਗਰ ਕੌਂਸਲ ਚੋਣਾਂ ਦੌਰਾਨ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤ ਪੂਰਵਕ ਢੰਗ ਨਾਲ ਮੁਕੰਮਲ ਹੋ ਗਈਆਂ। ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ। ਦੇਰ ਸ਼ਾਮ ਨਗਰ ਕੌਂਸਲ ਚੋਣਾਂ ਦੀਆਂ 24 ਵਾਰਡਾਂ ਦੇ ਨਤੀਜੇ ਦੋ ਰਿਟਰਨਿੰਗ ਅਧਿਕਾਰੀਆਂ ਵੱਲੋਂ ਐਲਾਨ ਦਿੱਤੇ ਗਏ ਜਦਕਿ ਵਾਰਡ ਨੰਬਰ 3 ਦੀ ਦੁਬਾਰਾ ਚੋਣ ਹੋਣ ਉਪਰੰਤ ਨਤੀਜਾ ਆਵੇਗਾ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਕਿ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਉਪਰ ਨਗਰ ਕੌਂਸਲ ਦੀਆਂ ਪੰਜੀ ਵਾਰਡਾਂ ਦੀ ਚੋਣ ਹੋਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਦੇ ਚੱਲਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ 2 ਮਾਰਚ ਨੂੰ ਇਹ ਚੋਣ ਕਰਵਾਏ ਜਾਣ ਦੇ ਆਦੇਸ਼ ਜਾਰੀ ਹੋਏ ਸਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਗਰ ਕੌਂਸਲ ਅਧੀਨ ਆਉਂਦੀ ਵਾਰਡ ਨੰਬਰ ਤਿੰਨ ਵਿਚ ਕੁਝ ਤਕਨੀਕੀ ਕਾਰਨ ਕਰਕੇ ਉਸਦੀ ਚੋਣ ਰੱਦ ਕਰ ਦਿੱਤੀ ਗਈ ਹੈ। ਜਿਸ ਨੂੰ ਹੁਣ ਚਾਰ ਮਾਰਚ ਮੰਗਲਵਾਰ ਵਾਲੇ ਦਿਨ ਕਰਵਾਇਆ ਜਾਵੇਗਾ ਜਦਕਿ ਬਾਕੀ ਵਾਰਡਾਂ ਵਿਚ ਕਰਵਾਈ ਗਈ ਚੋਣ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਵਾਰਡ ਨੰਬਰ 12 ਵਿਚ ਪਹਿਲਾਂ ਹੀ ਬਿਨਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਰਿੰਦਰ ਸਿੰਘ ਭਰੋਵਾਲ ਨੂੰ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ।
ਜਿਸ ਦੇ ਚੱਲਦਿਆਂ ਬਾਕੀ 23 ਵਾਰਡਾਂ ਦੀ ਕਰਵਾਈ ਗਈ ਚੋਣ ਵਿਚ ਪ੍ਰੋਜਾਈਟਿੰਗ ਅਫਸਰਾਂ ਅਤੇ ਚੋਣ ਅਮਲੇ ਵੱਲੋਂ ਆਪਣੀ ਡਿਊਟੀ ਬੜੇ ਹੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਗਈ ਹੈ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਹ ਚੋਣਾਂ ਰਿਟਰਨਿੰਗ ਅਧਿਕਾਰੀ ਰੋਬਿਨਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਗਿੱਲ ਦੇ ਅਧੀਨ ਕਰਵਾਈਆਂ ਗਈਆਂ ਹਨ। ਜਿਸ ਦੇ ਚੱਲਦਿਆਂ ਜੇਤੂ ਕਰਾਰ ਉਮੀਦਵਾਰਾਂ ਨੂੰ ਸਰਟੀਫਿਕੇਟ ਰਿਟਰਨਿੰਗ ਅਧਿਕਾਰੀਆਂ ਵੱਲੋਂ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਮੈਡਮ ਰੋਬਿਨਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ, 13 ਆਜ਼ਾਦ ਉਮੀਦਵਾਰਾਂ ਅਤੇ 3 ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ।