ਬੀਜਿੰਗ – ਨੇਪਾਲ ਨੇੜੇ ਪੱਛਮੀ ਚੀਨ ਦੇ ਪਹਾੜੀ ਖੇਤਰ ‘ਚ ਮੰਗਲਵਾਰ ਸਵੇਰੇ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਪ੍ਰਸਾਰਕ ‘ਸੀਸੀਟੀਵੀ’ ਨੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਦੇ ਹਵਾਲੇ ਨਾਲ ਮ੍ਰਿਤਕਾਂ ਦੀ ਗਿਣਤੀ ਦੱਸੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਨੇਪਾਲ ਦੀ ਸਰਹੱਦ ਦੇ ਨੇੜੇ ਤਿੱਬਤ ਖੇਤਰ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਤਿੱਬਤ ਖੇਤਰ ਦੇ ਪਹਾੜੀ ਖੇਤਰ ‘ਚ ਕਰੀਬ 10 ਕਿਲੋਮੀਟਰ ਦੀ ਡੂੰਘਾਈ ‘ਚ ਆਇਆ।
‘ਸੀਸੀਟੀਵੀ’ ਨੇ ਦੱਸਿਆ ਕਿ ਚੀਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਹੈ। ਭੂਚਾਲ ਦੇ ਕੇਂਦਰ ਦੇ ਆਲੇ-ਦੁਆਲੇ ਦੇ ਖੇਤਰ ਦੀ ਔਸਤ ਉਚਾਈ ਲਗਭਗ 4,200 ਮੀਟਰ (13,800 ਫੁੱਟ) ਹੈ। ਸੀਸੀਟੀਵੀ ਦੀ ਆਨਲਾਈਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਦੇ ਕੇਂਦਰ ਤੋਂ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਬਹੁਤ ਘੱਟ ਲੋਕ ਰਹਿੰਦੇ ਹਨ। ਭੂਚਾਲ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ 380 ਕਿਲੋਮੀਟਰ ਦੂਰ ਹੈ।