ਜਲੰਧਰ – ਇਸ ਸਾਲ ਅਮਰੀਕਾ ਵੱਲੋਂ ਦੇਸ਼ ਨਿਕਾਲਾ ਕੀਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਸਬੰਧਤ ‘ਡੰਕੀ ਰੂਟ’ ਮਾਮਲੇ ਦੀ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੁੱਧਵਾਰ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ’ਚ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਘੱਟੋ-ਘੱਟ 11 ਸ਼ਹਿਰ ਜਿਨ੍ਹਾਂ ’ਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ ਮੋਗਾ, ਅੰਬਾਲਾ, ਕੁਰੂਕਸ਼ੇਤਰ ਤੇ ਕਰਨਾਲ ਸ਼ਾਮਲ ਹਨ ,’ਚ ਸ਼ੱਕੀਆਂ ਅਤੇ ਏਜੰਟਾਂ ਦੇ ਦਫਤਰਾਂ ਤੇ ਘਰਾਂ ’ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਅਧੀਨ ਤਲਾਸ਼ੀਆਂ ਲਈਆਂ ਗਈਆਂ।
ਮਨੀ ਲਾਂਡਰਿੰਗ ਦਾ ਮਾਮਲਾ ਪੰਜਾਬ ਤੇ ਹਰਿਆਣਾ ਪੁਲਸ ਵੱਲੋਂ ਟ੍ਰੈਵਲ/ਵੀਜ਼ਾ ਏਜੰਟਾਂ ਤੇ ਵਿਚੋਲਿਆਂ ਵਿਰੁੱਧ ਦਰਜ 17 ਐੱਫ. ਆਈ.ਆਰਜ਼ .ਤੋਂ ਪੈਦਾ ਹੋਇਆ ਹੈ ਜਿਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵੱਖ-ਵੱਖ ਲੋਕਾਂ ਨਾਲ ਧੋਖਾਦੇਹੀ ਕੀਤੀ ਸੀ। ਇਸ ਸਾਲ ਫਰਵਰੀ ’ਚ ਇਨ੍ਹਾਂ ਦੋਵਾਂ ਸੂਬਿਆਂ ਤੇ ਕੁਝ ਹੋਰ ਕਈ ਖੇਤਰਾਂ ਦੇ ਭਾਰਤੀਆਂ ਨੂੰ ਅਮਰੀਕੀ ਫੌਜੀ ਜਹਾਜ਼ਾਂ ’ਚ ਭਾਰਤ ਭੇਜ ਦਿੱਤਾ ਗਿਆ ਸੀ। ਬਾਅਦ ’ਚ ਈ. ਡੀ. ਨੇ ਕੁਝ ਡਿਪੋਰਟੀਆਂ ਦੇ ਬਿਆਨ ਦਰਜ ਕੀਤੇ ਸਨ।
ਸੂਤਰਾਂ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਤੇ ਸਬੰਧਤ ਜਾਂਚਾਂ ਨੇ ਕੁਝ ਸ਼ੱਕੀਆਂ ਦੇ ਨਾਂ ਸਾਹਮਣੇ ਲਿਆਂਦੇ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਮਾਸੂਮ ਲੋਕਾਂ ਨੂੰ ਏਜੰਟ ਨਿਸ਼ਾਨਾ ਬਣਾਉਂਦੇ ਸਨ ਅਤੇ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦਾ ਝੂਠਾ ਵਾਅਦਾ ਕਰ ਕੇ ਹਰੇਕ ਵਿਅਕਤੀ ਤੋਂ 45-50 ਲੱਖ ਰੁਪਏ ਵਸੂਲਦੇ ਸਨ।