ਹੁਸ਼ਿਆਰਪੁਰ – ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀਆਂ ਇਕ ਵਾਰ ਫਿਰ ਮੁਸ਼ਕਿਲਾਂ ਵਧੀਆਂ ਹਨ। ਅੱਜ ਸਵੇਰੇ ਹੁਸ਼ਿਆਰਪੁਰ ਵਿਖੇ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ ਈ. ਡੀ. ਅਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਦਬਿਸ਼ ਦੇ ਕੇ ਦਸਤਾਵੇਜ਼ਾਂ ਅਤੇ ਜ਼ਰੂਰੀ ਸਬੂਤਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੁੰਦਰ ਸ਼ਾਮ ਅਰੋੜਾ ਵਿਰੁੱਧ ਜਾਂਚ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਵਿਭਾਗ ਦੇ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਈ. ਡੀ. ਦੇ ਅਧਿਕਾਰੀ ਭਾਰੀ ਸੁਰੱਖਿਆ ਬਲਾਂ ਦੇ ਨਾਲ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੇ। ਅਚਾਨਕ ਹੋਈ ਇਸ ਕਾਰਵਾਈ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਨਾਲ ਆਏ ਅਧਿਕਾਰੀਆਂ ਨੇ ਘਰ ਦੇ ਸਾਰੇ ਪ੍ਰਵੇਸ਼ ਦੁਆਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਡਬਲ ਕਰੱਪਸ਼ਨ ਕੇਸ ਵਿਚ ਫਸੇ ਹੋਏ ਹਨ ਅਰੋੜਾ
ਦੱਸ ਦੇਈਏ ਕਿ ਉਹ ਪਹਿਲਾਂ ਹੀ ਡਬਲ ਕਰਪਸ਼ਨ ਮਾਮਲੇ ’ਚ ਫਸੇ ਹੋਏ ਹਨ। ਉਨ੍ਹਾਂ ‘ਤੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਅਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। ਉਨ੍ਹਾਂ ਨੂੰ ਪਹਿਲਾਂ ਵਿਜੀਲੈਂਸ ਵਿਭਾਗ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਮਾਮਲੇ ਵਿੱਚ ਈ. ਡੀ. ਦੀ ਐਂਟਰੀ ਨੇ ਇਹ ਸੰਕੇਤ ਦਿੱਤਾ ਹੈ ਕਿ ਜਾਂਚ ਦਾ ਦਾਇਰਾ ਵਧ ਗਿਆ ਹੈ ਅਤੇ ਇਸ ਵਿੱਚ ਮਨੀ ਲਾਂਡਰਿੰਗ ਵੀ ਸ਼ਾਮਲ ਹੈ।

