ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਮਾਰਚ, 2025:
ਸਿਖਿਆ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਿਖਿਆ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ’ਚੋਂ ਨਿਕਲੇ 189 ਬੱਚਿਆਂ ਨੂੰ ਆਈ ਆਈ ਟੀ ਵਰਗੀਆਂ ਵੱਕਾਰੀ ਸੰਸਥਾਂਵਾਂ ’ਚ ਦਾਖਲੇ ਦਾ ਆਧਾਰ ਬਣਦੇ ਜੇ ਈ ਈ ਮੇਨਜ਼ ਦੀ ਪ੍ਰਤੀਯੋਗੀ ਪ੍ਰੀਖਿਆ ਕਲੀਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲ ਆਫ਼ ਐਮੀਨੈਂਸ ਦੀਆਂ 15000 ਸੀਟਾਂ ਲਈ 1.5 ਲੱਖ ਅਰਜ਼ੀਆਂ ਆ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਸੂਬੇ ’ਚ 42 ਸਕੂਲ ਆਫ਼ ਐਮੀਨੈਂਸ ਅਤੇ 425 ਸਕੂਲ ਆਫ਼ ਹੈਪੀਨੈੱਸ ਬਣ ਕੇ ਤਿਆਰ ਹਨ ਜਦਕਿ ਬਿਜ਼ਨਸ ਬਲਾਸਟਰਜ਼ ਤਿਆਰ ਕਰਨ ਲਈ 40 ਹੁਨਰ ਸਿਖਿਆ ਸਕੂਲ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਸਕੂਲ ਸਿਖਿਆ ਵਿੱਚ ਬਹੁਤ ਸਾਰੇ ਕੰਮ ਹੋਏ ਹਨ, ਜਿਸ ਦੇ ਨਤੀਜੇ ਵਜੋਂ 99 ਫ਼ੀਸਦੀ ਸਕੂਲਾਂ ਚਾਰ ਦੀਵਾਰੀ ਹੈ। ਹੁਣ ਕੋਈ ਵੀ ਬੱਚਾ ਜ਼ਮੀਨ ’ਤੇ ਨਹੀਂ ਬੈਠਦਾ। ਲੜਕੇ ਤੇ ਲੜਕੀਆਂ ਲਈ ਸਾਫ਼-ਸੁੱਥਰਾ ਵੱਖਰਾ ਵਾਸ਼ਰੂਮ/ਪਖਾਨਾ ਹੈ। ਪੀਣ ਵਾਲਾ ਪਾਣੀ ਹੈ।
17 ਹਜ਼ਾਰ ਸਕੂਲਾਂ ’ਚ ਵਾਈ ਫ਼ਾਈ ਲਾ ਚੁੱਕੇ ਹਾਂ, ਕਰੀਬ 5000 ਸਕੂਲਾਂ ’ਚ ਸੋਲਰ ਪੈਨਲ ਲਾ ਚੁੱਕੇ ਹਾਂ। ਬਹੁਗਿਣਤੀ ਸਕੂਲਾਂ ’ਚ ਸੀ ਸੀ ਟੀ ਵੀ ਕੈਮਰੇ ਲੱਗ ਚੁੱਕੇ ਹਨ। ਪੰਜਾਬ ਦੇ 125 ਸਕੂਲਾਂ ’ਚ 250 ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਕਰੀਬ 10 ਹਜ਼ਾਰ ਬੱਚਿਆਂ ਨੂੰ ਲਾਭ ਮਿਲ ਰਿਹਾ ਹੈ। ਪੰਜਾਬ ਦੇ 500 ਅਤੇ ਇਸ ਤੋਂ ਵਧੇਰੇ ਗਿਣਤੀ ਵਾਲੇ ਸਕੂਲਾਂ ’ਚ ਸੁਰੱਖਿਆ ਗਾਰਡ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ’ਚ 20 ਹਜ਼ਾਰ ਅਧਿਆਪਕ ਦਿੱਤੇ ਹਨ। ਉਨ੍ਹਾਂ ਕਿਹਾ ਕਿ 525 ਤੋਂ ਵਧੇਰੇ ਅਧਿਆਪਕ ਸਿੰਘਾਪੁਰ, ਫ਼ਿਨਲੈਂਡ, ਆਈ ਆਈ ਐਮ ਅਹਿਮਦਾਬਾਦ ’ਚ ਵਿਸ਼ੇਸ਼ ਸਿਖਲਾਈ ਲੈ ਕੇ ਆਏ ਹਨ।
ਇਸ ਮੌਕੇ ਸਕੂਲ ਸਿੱਖਿਆ ਦੇ ਵਿਸ਼ੇਸ਼ ਸਕੱਤਰ ਚਰਚਿਲ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ, ਪ੍ਰਿੰਸੀਪਲ ਲਵਿਸ਼ ਚਾਵਲਾ ਵੀ ਮੌਜੂਦ ਸਨ।