ਚੰਡੀਗੜ੍ਹ – ਦਸਵੀਂ ਦੀ ਪ੍ਰੀਖਿਆ ਦੌਰਾਨ ਨਕਲ ਮਰਵਾਉਣ ਦੇ ਮਾਮਲੇ ’ਚ ਸਕੂਲ ਸਿੱਖਿਆ ਵਿਭਾਗ ਨੇ ਦੋ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ (ਪ੍ਰੀਖਿਆ ਕੇਂਦਰ-241251) ਵਿਖੇ ਸੁਪਰਡੈਂਟ ਅਤੇ ਇਨਵਿਜੀਲੇਟਰ (ਨਿਗਰਾਨ) ਵਜੋਂ ਤਾਇਨਾਤ 2 ਅਧਿਆਪਕਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਲਾਇੰਗ ਸਕੁਐਡ ਟੀਮਾਂ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਪ੍ਰੀਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਦਾ ਪਰਦਾਫ਼ਾਸ਼ ਕੀਤਾ। 17 ਮਾਰਚ ਨੂੰ ਹੋਈ ਦਸਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਨੇ ਦੇਖਿਆ ਕਿ ਨਿਗਰਾਨ ਕਿਰਨਦੀਪ ਕੌਰ ਵਿਦਿਆਰਥੀਆਂ ਦੀ ਸਹਾਇਤਾ ਲਈ ਆਪਣੇ ਮੋਬਾਈਲ ’ਤੇ ਵ੍ਹਟਸਐਪ ਰਾਹੀਂ ਪ੍ਰਸ਼ਨਾਂ ਦੇ ਉੱਤਰ ਮੰਗਵਾ ਰਹੀ ਸੀ। ਪ੍ਰੀਖਿਆ ਪ੍ਰਣਾਲੀ ਦੀ ਇਹ ਸਪੱਸ਼ਟ ਉਲੰਘਣਾ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਸ਼ਵਨੀ ਕੁਮਾਰ ਦੀ ਡਿਊਟੀ ’ਚ ਕੋਤਾਹੀ ਕਾਰਨ ਹੋਈ, ਜਿਸ ਨੇ ਲਾਪ੍ਰਵਾਹੀ ਵਰਤਦਿਆਂ ਪ੍ਰੀਖਿਆ ਹਾਲ ਅੰਦਰ ਮੋਬਾਈਲ ਲਿਜਾਣ ਦੀ ਆਗਿਆ ਦਿੱਤੀ।