ਮਾਨਸਾ ਜ਼ਿਲ੍ਹੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਸੱਤ ਸਾਲਾਂ ਬੱਚੇ ਦੀ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨੂੰ ਕਰੰਟ ਬਿਜਲੀ ਦੇ ਖੰਭੇ ਤੋਂ ਲੱਗਿਆ ਹੈ। ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਗਈ ਹੈ, ਕਿਉਂਕਿ ਤਾਰਾਂ ਨੰਗੀਆਂ ਹੋਣ ਕਾਰਨ ਖੰਭੇ ਦੇ ਵਿੱਚ ਕਰੰਟ ਸੀ, ਜਿਸ ਕਾਰਨ ਖੰਭੇ ਦੇ ਕਰੰਟ ਨੇ ਬੱਚੇ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਜਾਨ ਲੈ ਕੇ ਹੀ ਬੱਚੇ ਨੂੰ ਛੱਡਿਆ।
ਜਾਣਕਾਰੀ ਮੁਤਾਬਕ ਛੋਟੇ ਬੱਚੇ ਗਲੀ ਦੇ ਵਿੱਚ ਖੰਭੇ ਨੇੜੇ ਖੇਡ ਰਹੇ ਸਨ। ਇਸ ਦੌਰਾਨ 7 ਸਾਲਾਂ ਬੱਚੇ ਗੁਰਮਨ ਸਿੰਘ ਕਿਸੇ ਤਰ੍ਹਾਂ ਖੰਭੇ ਵਿੱਚੋਂ ਆ ਰਹੇ ਕਰੰਟ ਦੀ ਚਪੇਟ ’ਚ ਆ ਗਿਆ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਮੁਹੱਲੇ ਦੇ ਲੋਕਾਂ ’ਚ ਵੱਡਾ ਰੋਸ ਦੇਖਣ ਨੂੰ ਮਿਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਜਲੀ ਦੇ ਖੰਭਿਆਂ ਦੀਆਂ ਤਾਰਾਂ ਨੰਗੀਆਂ ਹਨ। ਜਿਸ ਬਾਰੇ ਵਿਭਾਗ ਨੂੰ ਪਹਿਲਾਂ ਵੀ ਕਈ ਵਾਰ ਜਾਣੂ ਕਰਵਾਇਆ ਗਿਆ ਸੀ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ।