ਭਾਦਸੋਂ : ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵਲੋਂ ਪਹਿਲਾਂ ਹੀ ਡਿਫਾਲਟਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜਿਨ੍ਹਾਂ ਦੇ ਬਿੱਲ ਬਕਾਏ ਹਨ, ਉਹ ਸਮੇਂ ਸਿਰ ਆਪੋ ਆਪਣੇ ਬਿੱਲਾਂ ਦਾ ਭੁਗਤਾਨ ਕਰਨਗੇ। ਇਸ ਦਰਮਿਆਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਦਫਤਰ ਭਾਦਸੋਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਧਰਮਪਾਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਬਕਾਇਆ ਖੜ੍ਹੇ ਹਨ, ਉਨ੍ਹਾਂ ਦੇ ਜਲਦੀ ਤੋਂ ਜਲਦੀ ਭੁਗਤਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਨ੍ਹਾਂ ਦੇ ਭੁਗਤਾਨ ਨਾ ਕੀਤੇ ਗਏ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਲਿਆ ਜਾ ਰਿਹਾ ਐਕਸ਼ਨ ਲਗਾਤਾਰ ਜਾਰੀ ਹੈ। ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੇ ਬਕਾਇਆ ਖੜ੍ਹੇ ਬਿੱਲਾਂ ਦੀ ਰਿਕਵਰੀ ਕਰਨ ਲਈ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਸਿਰਫ 10 ਦਿਨਾਂ ਦੇ ਵਕਫੇ ਦੌਰਾਨ ਲੁਧਿਆਣਾ ਸ਼ਹਿਰ ਨਾਲ ਸਬੰਧਤ 9 ਵੱਖ-ਵੱਖ ਡਵੀਜ਼ਨਾਂ ਦੇ 13000 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਦੇ ਹੋਏ 50.42 ਕਰੋੜ ਰੁਪਏ ਦੀ ਭਾਰੀ ਰਿਕਵਰੀ ਕਰਨ ਦਾ ਰਿਕਾਰਡ ਬਣਾਇਆ ਹੈ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਅਤੇ ਡਾਇਰੈਕਟਰ ਡੀ. ਪੀ. ਐੱਸ. ਗਰੇਵਾਲ ਦੇ ਨਿਰਦੇਸ਼ਾਂ ’ਤੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਸ਼ਿਕੰਜਾ ਕੱਸਣ ਲਈ ਸੜਕਾਂ ’ਤੇ ਉਤਰੀਆਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ਡਿਫਾਲਟਰ ਖਪਤਕਾਰਾਂ ਦੀ ਲਿਸਟ ਤਿਆਰ ਕਰ ਕੇ ਜਿਥੇ ਸਬੰਧਤ ਖਪਤਕਾਰਾਂ ਨੂੰ ਬਿਜਲੀ ਦੇ ਬਕਾਇਆ ਖੜ੍ਹੇ ਬਿੱਲ ਅਦਾ ਕਰਨ ਸਬੰਧੀ ਜਾਗਰੂਕ ਕਰ ਕੇ ਕਰੋੜਾਂ ਰੁਪਏ ਦੀ ਰਾਸ਼ੀ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਈ ਜਾ ਰਹੀ ਹੈ।