ਅੰਮ੍ਰਿਤਸਰ: ਅੰਮ੍ਰਿਤਸਰ ‘ਚ ਗ੍ਰਨੇਡ ਹਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮੰਦਰ ‘ਚ ਗ੍ਰਨੇਡ ਹਮਲਾ ਕਰਨ ਵਾਲੇ ਦੋਸ਼ੀ ਦਾ ਪੰਜਾਬ ਪੁਲਸ ਵਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਹੈ, ਜਿਸ ਦੌਰਾਨ ਮੁਲਜ਼ਮ ਦੀ ਮੌਤ ਹੋ ਗਈ। ਇਸ ਬਾਰੇ ਟਵੀਟ ਕਰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਸ ਵਲੋਂ ਇਸ ਹਮਲੇ ਦੇ ਦੋਸ਼ੀਆਂ ਨੂੰ ਟਰੈਕ ਕੀਤਾ ਗਿਆ ਸੀ ਅਤੇ ਪੁਲਸ ਥਾਣਾ ਛੇਹਰਟਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।
ਖ਼ੁਫ਼ੀਆ ਆਧਾਰ ‘ਤੇ ਜਾਂਚ ‘ਚ ਦੋਸ਼ੀਆਂ ਦੀ ਪਛਾਣ ਕੀਤੀ ਗਈ। ਪੁਲਸ ਟੀਮਾਂ ਵਲੋਂ ਰਾਜਾਸਾਂਸੀ ‘ਚ ਸ਼ੱਕੀਆਂ ਦਾ ਪਤਾ ਲਾਇਆ ਗਿਆ। ਮੁਲਜ਼ਮਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਹੌਲਦਾਰ ਗੁਰਪ੍ਰੀਤ ਸਿੰਘ ਜ਼ਖਮੀ ਹੋਏ ਅਤੇ ਇੰਸਪੈਕਟਰ ਅਮਲੋਕ ਸਿੰਘ ਦੀ ਪੱਗ ‘ਤੇ ਗੋਲੀ ਲੱਗੀ। ਜਵਾਬੀ ਕਾਰਵਾਈ ਦੌਰਾਨ ਪੁਲਸ ਨੇ ਵੀ ਗੋਲੀਬਾਰੀ ਕੀਤੀ, ਜਿਸ ‘ਚ ਮੁਲਜ਼ਮ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਇਸ ਹਮਲੇ ਦਾ ਦੂਜਾ ਮੁਲਜ਼ਮ ਫ਼ਰਾਰ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।