ਸਮਰਾਲਾ : ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕਿਆ ਹੈ। ਹਲਕੇ ਵਿਚ ਕੁੱਲ 198 ਪੰਚਾਇਤਾਂ ਹਨ ਜਿਨ੍ਹਾਂ ਵਿੱਚੋਂ 53 ਪੰਚਾਇਤਾਂ ਦੀ ਪਹਿਲਾਂ ਹੀ ਸਰਬ ਸੰਮਤੀ ਹੋ ਚੁੱਕੀ ਹੈ। ਬਾਕੀ ਰਹਿੰਦੀਆਂ 145 ਪੰਚਾਇਤਾਂ ਚੁਣਨ ਲਈ ਲੋਕਾਂ ‘ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਵੇਰੇ 11 ਵਜੇ ਤੱਕ 20 ਪ੍ਰਤੀਸ਼ਤ ਦੇ ਕਰੀਬ ਵੋਟਾਂ ਭੁਗਤ ਚੁੱਕੀਆਂ ਹਨ। ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਜੱਦੀ ਪਿੰਡ ਦਿਆਲਪੁਰਾ ਵਿਖੇ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਪਿੰਡ ਦੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਣੀ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਪਿੰਡ ਦੇ 101 ਸਾਲਾ ਬਜ਼ੁਰਗ ਭਰਪੂਰ ਸਿੰਘ ਵੱਲੋਂ ਵੀ ਅੱਜ ਵੀਲ ਚੇਅਰ ‘ਤੇ ਬੈਠ ਕੇ ਆਪਣੀ ਵੋਟ ਭੁਗਤਾਈ ਗਈ। ਇਸ ਮੌਕੇ ਭਰਪੂਰ ਸਿੰਘ ਨੇ ਕਿਹਾ ਕਿ ਉਹ ਪੰਚਾਇਤੀ ਚੋਣਾਂ ਦੇ ਇਸ ਉਤਸਵ ਵਿਚ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਇਹ ਆਸ ਪ੍ਰਗਟਾ ਰਿਹਾ ਹੈ ਕਿ ਉਸ ਦੇ ਪਿੰਡ ਦੇ ਲੋਕਾਂ ਨੂੰ ਇਕ ਚੰਗੀ ਅਤੇ ਸਰਬ ਪੱਖੀ ਵਿਕਾਸ ਕਰਨ ਵਾਲੀ ਇਮਾਨਦਾਰ ਪੰਚਾਇਤ ਚੁਣਨ ਦਾ ਮੌਕਾ ਮਿਲੇਗਾ।