ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਦਾ ਕਹਿਣਾ ਹੈ ਕਿ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦ ਕੇ 1.94 ਲੱਖ ਕਰੋੜ ਰੁਪਏ ਦਾ ਲਾਭ ਕਮਾਇਆ ਪਰ ਦੇਸ਼ ਦੇ ਲੋਕਾਂ ਨੂੰ ਧੇਲੇ ਦਾ ਫਾਇਦਾ ਨਹੀਂ ਦਿੱਤਾ ਗਿਆ। ਕਾਂਗਰਸ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਨੇ ਭਾਜਪਾ ਦੀ ਕੇਂਦਰ ਸਰਕਾਰ ਤੇ ਵੱਡਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੀਡੀਆ ਬੀਜੇਪੀ ਦੀ ਕੇਂਦਰ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ ਕਿ ਮੋਦੀ ਸਰਕਾਰ ਨੇ ਰੂਸ ਤੋਂ ਸਸਤਾ ਤੇਲ ਖ਼ਰੀਦ ਦੇ ਦੇਸ਼ ਨੂੰ ਵੱਡਾ ਲਾਭ ਦਿੱਤਾ ਪਰ ਇਸ ਲਾਭ ਨੂੰ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਵਰਕਰਾਂ ਨੂੰ ਅੰਨੇ ਭਗਤ ਕਹਿੰਦ ਹੋਏ ਕਿਹਾ ਕਿ ਭਾਜਪਾ ਦੇ ਜੋ ਅੰਧ ਭਗਤ ਬਿਨਾਂ ਸੋਚੇ ਸਮਝੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਦੇ ਹਨ ਅਸਲ ਵਿੱਚ ਉਹ ਸਾਰੇ ਹੀ ਇਸ ਮਹਿੰਗਾਈ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹਨ। ਇਸ ਦੇ ਨਾਲ ਹੀ ਦੇਸ਼ ਚ ਵੱਧਦੀ ਮਹਿੰਗਾਈ ਨੂੰ ਲੈ ਕੇ ਉਨ੍ਹਾਂ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ। ਡਿਪਟੀ ਮੇਅਰ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਗਰੀਬਾਂ ਦੇ ਫਾਇਦੇ ਦੀ ਗੱਲ ਕਰ ਰਹੀ ਤਾਂ ਦੂਜੇ ਪਾਸੇ ਕੇਂਦਰ ਦੱਸੇ ਕਿ ਜਰੂਰੀ ਦਵਾਈਆਂ ਦੇ ਰੇਟ ਕਿਉਂ ਵਧਾਏ ਗਏ ਹਨ, ਸਟੇਸ਼ਨਰੀ ਅਤੇ ਖਾਣ ਪੀਣ ਦੀਆਂ ਵਸਤਾਂ ਉੱਤੇ ਜੀਐਸਟੀ ਕਿਉਂ ਲਗਾਇਆ ਗਿਆ ਹੈ?
ਇਸ ਤੋਂ ਇਲਾਵਾ ਦਾਅਵਾ ਕਰਦਿਆਂ ਕਾਂਗਰਸੀ ਨੇਤਾ ਨੇ ਕਿਹਾ ਕਿ ਭਾਜਪਾ ਦੇ ਅੰਧ ਭਗਤਾਂ ਦੀ ਗਿਣਤੀ ਹੁਣ ਲਗਾਤਾਰ ਘਟਦੀ ਜਾ ਰਹੀ ਹੈ ਕਿਉਂਕਿ ਮਹਿੰਗਾਈ ਨੇ ਅੰਧ ਭਗਤਾਂ ਦਾ ਜਿਉਣਾ ਵੀ ਮੁਸ਼ਕਿਲ ਕਰ ਦਿੱਤਾ ਹੈ। ਚਾਰ ਜੂਨ (ਚੋਣ ਨਤੀਜਿਆਂ ਦਾ ਦਿਨ) ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਭਾਰਤ ਤੋਂ ਬੋਰੀਆ ਬਿਸਤਰਾ ਬੰਨ੍ਹ ਦਿੱਤਾ ਜਾਵੇਗਾ।