ਬਟਾਲਾ -ਆਬਕਾਰੀ ਵਿਭਾਗ ਅਤੇ ਪੁਲਸ ਟੀਮ ਨੇ ਪਿੰਡ ਮੌਜਪੁਰ ਵਿਖੇ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਅਤੇ ਆਬਕਾਰੀ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜ਼ਿਲ੍ਹਾ ਆਬਕਾਰੀ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਅਤੇ ਐੱਸ. ਐੱਸ. ਪੀ. ਗੁਰਦਾਸਪੁਰ ਹਰੀਸ਼ ਦਾਯਮਾ ਦੇ ਨਿਰਦੇਸ਼ਾਂ ਤਹਿਤ ਪੁਲਸ ਅਤੇ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
‘ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਪਿੰਡ ਮੌਜਪੁਰ ਬਿਆਸ ਦਰਿਆ ਨੇੜੇ ਆਬਕਾਰੀ ਤੇ ਪੁਲਸ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਸਾਂਝੀ ਛਾਪੇਮਾਰੀ ਦੌਰਾਨ ਕਰੀਬ 48 ਤਰਪਾਲਾਂ, 3 ਲੋਹੇ ਦੇ ਡਰੰਮ, ਸ਼ਰਾਬ ਬਣਾਉਣ ਦਾ ਸਾਮਾਨ ਅਤੇ 10 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਵਿੱਖ ’ਚ ਵੀ ਜਾਰੀ ਰਹੇਗੀ ਅਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਕੁਲਵਿੰਦਰ ਸਿੰਘ, ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ, ਸਰਕਲ ਇੰਚਾਰਜ ਬੂਟਾ ਸਿੰਘ, ਬਲਵਿੰਦਰ ਸਿੰਘ, ਸਾਬੀ, ਪੱਪੀ ਆਦਿ ਹਾਜ਼ਰ ਸਨ।