ਲੁਧਿਆਣਾ : ਆਬਕਾਰੀ ਵਿਭਾਗ ਪੂਰਬੀ ਟੀਮ ਲੁਧਿਆਣਾ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਸੂਬੇ ਅਤੇ ਜ਼ਿਲ੍ਹੇ ਦੀਆਂ ਸਰਹੱਦਾਂ ’ਤੇ ਸ਼ਰਾਬ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਣ ਲਈ 23 ਮਾਰਚ ਤੋਂ ਜ਼ਿਲ੍ਹੇ ਭਰ ’ਚ ਨਾਕੇ ਲਗਾ ਦਿੱਤੇ ਹਨ। ਇਸ ਸਬੰਧੀ ਸਹਾਇਕ ਕਮਿਸ਼ਨਰ ਆਬਕਾਰੀ ਡਾ. ਸ਼ਿਵਾਨੀ ਗੁਪਤਾ ਦੀ ਦੇਖ-ਰੇਖ ਹੇਠ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਫਲ ਮੁਹਿੰਮ ਚਲਾਈ।
ਆਬਕਾਰੀ ਅਫਸਰ ਅਮਿਤ ਗੋਇਲ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠਲੀ ਟੀਮ ਅਤੇ ਇੰਸਪੈਕਟਰ ਬ੍ਰਜੇਸ਼ ਮਲਹੋਤਰਾ, ਨਵਦੀਪ ਸਿੰਘ, ਵਿਕਰਮ ਭਾਟੀਆ ਅਤੇ ਵਿਜੇ ਕੁਮਾਰ ਦੀ ਟੀਮ ਨੇ ਖੰਨਾ ਪੁਲਸ ਨਾਲ ਮਿਲ ਕੇ ਵਾਹਨ ਨੰਬਰ ਪੀ ਬੀ 07 ਏ. ਐੱਸ. 3551 ’ਚ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ ਕੀਤੀ, ਜੋ ਕਿ ਬਿਨਾਂ ਲੋੜੀਂਦੇ ਪਰਮਿਟ ਅਤੇ ਗੁਆਂਢੀ ਸੂਬੇ ’ਚ ਲਿਜਾਈ ਜਾ ਰਹੀ ਸੀ। ਇਸ ’ਚ ਪੀ. ਐੱਮ. ਐੱਲ, ਮਾਰਕਾ ਗ੍ਰੀਨ ਵੋਡਕਾ ਦੇ 404 ਪੇਟੀਆਂ, ਪੀ. ਐੱਮ. ਐੱਲ. ਮਾਰਕਾ ਫਸਟ ਚੁਆਇਸ ਐਂਡ ਕਲੱਬ ਦੀਆਂ 608 ਪੇਟੀਆਂ, ਪੀ. ਐੱਮ. ਐੱਲ. ਮਾਰਕਾ ਪੰਜਾਬ ਜੁਗਨੀ ਦੀਆਂ 140 ਪੇਟੀਆਂ, ਪੀ. ਐੱਮ. ਐੱਲ. ਮਾਰਕਾ ਜੁਗਨੀ ਐਪਲ ਵੋਡਕਾ ਦੀਆਂ 110 ਪੇਟੀਆਂ, ਪੀ. ਐੱਮ. ਐੱਲ. ਸ਼ਰਾਬ ਦੀਆਂ 300 ਖੁੱਲ੍ਹੀਆਂ ਬੋਤਲਾਂ, ਬਡਵੈਸਨ ਦੇ 30 ਪੇਟੀਆਂ ਆਦਿ ਸ਼ਾਮਲ ਹਨ।