ਨਵੀਂ ਦਿੱਲੀ : ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਭਾਰਤ ਸਾਹਮਣੇ ਆਉਣ ਵਾਲਾ ਸਭ ਤੋਂ ਵੱਡਾ ਸਿਹਤ ਸੰਕਟ ਹਵਾ ਪ੍ਰਦੂਸ਼ਣ ਹੈ। ਬ੍ਰਿਟੇਨ ਵਿੱਚ ਰਹਿਣ ਵਾਲੇ ਇੱਕ ਭਾਰਤੀ ਮੂਲ ਦੇ ਸਾਹ ਰੋਗ ਮਾਹਿਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਅਤੇ ਠੋਸ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਸਾਲ ਦਰ ਸਾਲ ਵਿਗੜਦੀ ਜਾਵੇਗੀ। ਮਾਹਿਰਾਂ ਨੇ ਕਿਹਾ ਕਿ ਦੇਸ਼ ਵਿੱਚ ਸਾਹ ਦੀ ਬੀਮਾਰੀ ਦਾ ਇੱਕ ਵੱਡਾ ਸੰਕਟ ਹੌਲੀ-ਹੌਲੀ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਜਿਸ ਨੂੰ ਅਜੇ ਤੱਕ ਵਿਆਪਕ ਤੌਰ ‘ਤੇ ਮਾਨਤਾ ਨਹੀਂ ਮਿਲੀ ਤੇ ਨਾ ਹੀ ਇਸ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਬ੍ਰਿਟੇਨ ਵਿੱਚ ਕੰਮ ਕਰ ਰਹੇ ਕਈ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਸਾਹ ਦੀਆਂ ਬੀਮਾਰੀਆਂ ਦਾ ਇਹ ਲੁਕਿਆ ਹੋਇਆ ਸੰਕਟ ਹੌਲੀ-ਹੌਲੀ ਗੰਭੀਰ ਹੁੰਦਾ ਜਾ ਰਿਹਾ ਹੈ। ਆਉਣ ਵਾਲੀ ਲਹਿਰ ਦਾ ਭਾਰਤ ਦੇ ਲੋਕਾਂ ਅਤੇ ਦੇਸ਼ ਦੀ ਸਿਹਤ ਪ੍ਰਣਾਲੀ ‘ਤੇ ਡੂੰਘਾ ਅਤੇ ਲੰਬੇ ਸਮੇਂ ਦਾ ਪ੍ਰਭਾਵ ਪੈ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੁਨੀਆ ਭਰ ਵਿੱਚ ਦਿਲ ਦੀਆਂ ਬੀਮਾਰੀਆਂ ਦੇ ਮਾਮਲਿਆਂ ਵਿੱਚ ਵਾਧਾ ਸਿਰਫ਼ ਮੋਟਾਪੇ ਕਾਰਨ ਨਹੀਂ ਹੈ ਸਗੋਂ ਮੁੱਖ ਤੌਰ ‘ਤੇ ਕਾਰਾਂ ਅਤੇ ਹਵਾਈ ਜਹਾਜ਼ਾਂ ਸਮੇਤ ਸ਼ਹਿਰੀ ਆਵਾਜਾਈ ਤੋਂ ਨਿਕਲਣ ਵਾਲੇ ਜ਼ਹਿਰੀਲੇ ਨਿਕਾਸ ਕਾਰਨ ਹੈ। ਇਹ ਸਮੱਸਿਆ ਭਾਰਤ, ਬ੍ਰਿਟੇਨ ਅਤੇ ਹੋਰ ਦੇਸ਼ਾਂ ਦੇ ਸ਼ਹਿਰਾਂ ਵਿੱਚ ਖਾਸ ਤੌਰ ‘ਤੇ ਗੰਭੀਰ ਹੈ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸਵੀਕਾਰ ਕੀਤਾ ਕਿ ਦਿੱਲੀ ਦੇ ਪ੍ਰਦੂਸ਼ਣ ਦਾ ਲਗਭਗ 40 ਪ੍ਰਤੀਸ਼ਤ ਆਵਾਜਾਈ ਖੇਤਰ ਤੋਂ ਆਉਂਦਾ ਹੈ, ਜੋ ਮੁੱਖ ਤੌਰ ‘ਤੇ ਜੈਵਿਕ ਬਾਲਣਾਂ ‘ਤੇ ਨਿਰਭਰ ਹੈ। ਉਨ੍ਹਾਂ ਨੇ ਸਾਫ਼-ਸੁਥਰੇ ਵਿਕਲਪਾਂ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ ਅਤੇ ਬਾਇਓਫਿਊਲ ਅਪਣਾਉਣ ਦੀ ਅਪੀਲ ਕੀਤੀ।

