ਕਰਨਾਟਕ : ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਹੇਅਰ ਡਰਾਇਰ ਦੇ ਧਮਾਕੇ ਨਾਲ ਇੱਕ ਔਰਤ ਦੀਆਂ ਹਥੇਲੀਆਂ ਅਤੇ ਉਂਗਲਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈਆਂ। ਇਹ ਘਟਨਾ ਇਲਕਾਲ ਸ਼ਹਿਰ ਦੀ ਹੈ, ਜਿੱਥੇ ਮ੍ਰਿਤਕ ਸਿਪਾਹੀ ਦੀ ਪਤਨੀ ਨੇ ਆਪਣੇ ਗੁਆਂਢੀ ਤੋਂ ਕੋਰੀਅਰ ਪਾਰਸਲ ਲਿਆ ਸੀ। ਜਦੋਂ ਔਰਤ ਨੇ ਹੇਅਰ ਡਰਾਇਰ ਆਨ ਕੀਤਾ ਤਾਂ ਉਹ ਫਟ ਗਿਆ ਅਤੇ ਔਰਤ ਦੇ ਦੋਵੇਂ ਹੱਥਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੂੰ ਮਜ਼ਬੂਰੀ ਵਿਚ ਉਕਤ ਔਰਤ ਦੇ ਹੱਥ ਕੱਟਣੇ ਪਏ।
ਮਿਲੀ ਜਾਣਕਾਰੀ ਅਨੁਸਾਰ ਧਮਾਕੇ ਦੀ ਇਹ ਘਟਨਾ 15 ਨਵੰਬਰ ਦੀ ਹੈ ਪਰ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਮਿਲੀ। ਜ਼ਖ਼ਮੀ ਔਰਤ ਦੀ ਪਛਾਣ 37 ਸਾਲਾ ਬਾਸਵਰਾਜੇਸ਼ਵਰੀ ਯਾਰਨਾਲ ਵਜੋਂ ਹੋਈ ਹੈ। ਉਹ ਸਾਬਕਾ ਫੌਜੀ ਪਪੰਨਾ ਯਾਰਨਾਲ ਦੀ ਪਤਨੀ ਹੈ, ਜਿਸਦੀ 2017 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਜਾਂਚ ਅਧਿਕਾਰੀਆਂ ਮੁਤਾਬਕ ਹੇਅਰ ਡਰਾਇਰ ‘ਚ ਧਮਾਕਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ। ਹੇਅਰ ਡ੍ਰਾਇਰ ਵਰਗੇ ਉਪਕਰਣ ਲਈ ਆਮ ਤੌਰ ‘ਤੇ 2-ਵਾਟ ਦੇ ਬਿਜਲੀ ਕੁਨੈਕਸ਼ਨ ਦੀ ਲੋੜ ਹੁੰਦੀ ਹੈ ਪਰ ਜਿਸ ਸਵਿੱਚ ਨੂੰ ਇਸ ਵਿੱਚ ਲਗਾਇਆ ਗਿਆ ਸੀ ਉਸ ਵਿੱਚ ਜ਼ਿਆਦਾ ਪਾਵਰ ਸੀ, ਜਿਸ ਕਾਰਨ ਇਹ ਫਟ ਗਿਆ।
।ਪੁਲਸ ਨੇ ਇਹ ਵੀ ਕਿਹਾ ਕਿ ਹੇਅਰ ਡਰਾਇਰ ਬਣਾਉਣ ਵਾਲੀ ਕੰਪਨੀ, ਜੋ ਵਿਸ਼ਾਖਾਪਟਨਮ ਸਥਿਤ ਹੈ, ਦੀ ਪਛਾਣ ਕਰ ਲਈ ਗਈ ਹੈ। ਹੁਣ ਇਸ ਕੰਪਨੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਦੀ ਟੀਮ ਹਾਦਸੇ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਹ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਖ਼ਰਾਬ ਕੁਆਲਿਟੀ ਦੇ ਬਿਜਲੀ ਉਪਕਰਣ ਕਿੰਨੇ ਖ਼ਤਰਨਾਕ ਹੋ ਸਕਦੇ ਹਨ, ਖਾਸ ਕਰਕੇ ਕੋਰੀਅਰ ਰਾਹੀਂ ਭੇਜੇ ਜਾਣ ਵਾਲੇ ਉਤਪਾਦ।