ਪੰਜਾਬ ਸਮੇਤ ਭਾਰਤ ਦੇ ਕਈ ਰਾਜਾਂ ’ਚ ਅੱਤ ਦੀ ਗਰਮੀ ਕਹਿਰ ਬਰਪਾ ਰਹੀ ਹੈ। ਇੱਕ ਪਾਸੇ ਦੇਸ਼ ’ਚ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਨੇਤਾ ਇੱਕ ਦੂਜੇ ’ਤੇ ਸ਼ਬਦੀ ਹਮਲੇ ਬੋਲ ਰਹੇ ਹਨ। ਪਰ ਦੂਜੇ ਪਾਸੇ ਗਰਮੀ ਦੇ ਹਮਲੇ ਕਾਰਨ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਬਿਹਾਰ ਦਾ ਹੈ, ਜਿੱਥੇ ਚੋਣਾਂ ਤੋਂ ਪਹਿਲਾਂ 24 ਘੰਟਿਆਂ ’ਚ ਗਰਮੀ ਕਾਰਨ 10 ਪੋਲਿੰਗ ਕਰਮਚਾਰੀਆਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੌਤਾਂ ਭੋਜਪੁਰ ਵਿੱਚ ਹੋਈਆਂ ਹਨ, ਜਿੱਥੇ ਚੋਣ ਡਿਊਟੀ ’ਤੇ ਤਾਇਨਾਤ ਪੰਜ ਅਧਿਕਾਰੀਆਂ ਦੀ ਲੂ ਕਾਰਨ ਮੌਤ ਹੋ ਗਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰੋਹਤਾਸ ਵਿੱਚ ਤਿੰਨ ਚੋਣ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕੈਮੂਰ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ।