ਜਲੰਧਰ – ਜਲੰਧਰ ਵਿਚ ਸੂਫ਼ੀ ਗਾਇਕ ਬੰਟੀ ਕੱਵਾਲ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਸੂਫ਼ੀ ਗਾਇਕ ਬੰਟੀ ਕੱਵਾਲ ਦੇ ਪੁੱਤਰ ਈਵਾਨ (15) ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਈਵਾਨ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਈਵਾਨ ਬੁੱਧਵਾਰ ਨੂੰ ਕੁਝ ਸਾਮਾਨ ਲਿਆਉਣ ਲਈ ਸਕੂਟਰੀ ‘ਤੇ ਸਵਾਰ ਹੋ ਕੇ ਬਾਜ਼ਾਰ ਗਿਆ ਸੀ, ਜਿੱਥੇ ਰਸਤੇ ਵਿਚ ਅਚਾਨਕ ਉਸ ਦੀ ਸਕੂਟਰੀ ਅੱਗੇ ਕੁੱਤਾ ਆ ਗਿਆ ਅਤੇ ਉਸ ਦੀ ਸਕੂਟਰੀ ਕੰਟਰੋਲ ਤੋਂ ਬਾਹਰ ਹੋ ਗਈ। ਉਸ ਦੀ ਟੱਕਰ ਨੇੜਿਓਂ ਲੰਘ ਰਹੇ ਈ-ਰਿਕਸ਼ਾ ਨਾਲ ਹੋ ਗਈ। ਹਾਦਸੇ ਵਿਚ ਈਵਾਨ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ। ਪਰਿਵਾਰਕ ਮੈਂਬਰਾਂ ਨੇ ਈਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਬਸਤੀ ਬਾਵਾ ਖੇਲ ਦੀ ਪੁਲਸ ਦੇ ਦਿੱਤੀ ਗਈ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਸਨ। ਈਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਰਮਾਰਟਮ ਲਈ ਭੇਜ ਦਿੱਤਾ ਗਿਆ ਹੈ।