ਪਟਿਆਲਾ/ਸਨੌਰ : ਲੰਘੀ ਦੇਰ ਰਾਤ ਕੇਂਦਰ ਸਰਕਾਰ ਦੇ ਵਫ਼ਦ ਵੱਲੋਂ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਆਉਣ ਤੋਂ ਬਾਅਦ ਦੇਰ ਰਾਤ 8 ਡਾਕਟਰਾਂ ਦੀ ਟੀਮ ਨੇ ਮਰਨ ਵਰਤ ਦੇ 55ਵੇਂ ਦਿਨ ‘ਚ ਪੁੱਜੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਗੁਲੂਕੋਜ ਰਾਹੀਂ ਮੈਡੀਕਲ ਟ੍ਰੀਟਮੈਂਟ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨ ਨੇਤਾ ਡੱਲੇਵਾਲ ਨੂੰ ਸਮੁੱਚੇ ਅਧਿਕਾਰੀਆਂ ਅਤੇ ਕਿਸਾਨ ਨੇਤਾਵਾਂ ਨੇ ਮੂੰਹ ਰਾਹੀਂ ਮੈਡੀਕਲ ਟ੍ਰੀਟਮੈਂਟ ਲੈਣ ਅਤੇ ਕੁੱਝ ਖਾਣ ਲਈ ਵੀ ਬੇਨਤੀ ਕੀਤੀ ਸੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮਰਨ ਵਰਤ ਜਾਰੀ ਰੱਖਣਗੇ। ਮੂੰਹ ਰਾਹੀਂ ਨਾ ਤਾਂ ਕੋਈ ਦਵਾਈ ਲੈਣਗੇ ਅਤੇ ਨਾ ਹੀ ਕੁੱਝ ਖਾਣਗੇ।
ਉਹ ਆਪਣਾ ਮਰਨ ਵਰਤ ਉਸ ਸਮੇਂ ਤੋੜਨਗੇ, ਜਦੋਂ ਕੇਂਦਰ ਸਰਕਾਰ ਐੱਮ. ਐੱਸ. ਪੀ. ਸਮੇਤ ਸਮੁੱਚੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰ ਦੇਵੇਗੀ। ਪੰਜਾਬ ਸਕਰਾਰ ਵੱਲੋਂ ਪਟਿਆਲਾ ਰੇਂਜ ਦੇ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਅਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਆਪਣੀ ਟੀਮ ਨਾਲ ਖਨੌਰੀ ਬਾਰਡਰ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਅਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਤੇ ਡਾ. ਨਾਨਕ ਸਿੰਘ ਨੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕਰ ਕੇ ਮਰਨ ਵਰਤ ’ਤੇ ਬੈਠੇ 122 ਕਿਸਾਨ ਜਿਨ੍ਹਾਂ ’ਚ ਹਰਿਆਣਾ ਦੇ 10 ਕਿਸਾਨ ਵੀ ਹਨ, ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁੱਲ੍ਹਵਾਇਆ। ਇਹ 122 ਕਿਸਾਨ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋਝੰਡਾ ਦੀ ਅਗਵਾਈ ਹੇਠ ਬੈਠੇ ਸਨ