ਮਾਛੀਵਾੜਾ ਸਾਹਿਬ: ਰੂਪਨਗਰ ਤੋਂ ਲੁਧਿਆਣਾ ਨੈਸ਼ਨਲ ਹਾਈਵੇ ਲਈ ਅੱਜ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਪੁਲਸ ਬਲ ਸਮੇਤ ਪਿੰਡ ਸਹਿਜੋ ਮਾਜਰਾ ਵਿਖੇ 5 ਕਿਲੋਮੀਟਰ ਤੱਕ ਦੀ ਜ਼ਮੀਨ ’ਤੇ ਕਬਜ਼ਾ ਕਰਨ ਪੁੱਜੇ ਜਿਨ੍ਹਾਂ ਦਾ ਕਿਸਾਨਾਂ ਵਲੋਂ ਡੱਟ ਕੇ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਪਰ ਫਿਰ ਵੀ ਅਧਿਕਾਰੀਆਂ ਵਲੋਂ ਜ਼ਮੀਨ ’ਤੇ ਕਬਜ਼ਾ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਕਿਸਾਨ ਗੁਰਸੇਵਕ ਸਿੰਘ ਸਹਿਜੋ ਮਾਜਰਾ, ਲਵਪ੍ਰੀਤ ਸਿੰਘ, ਸੁੱਚਾ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਸਡ਼ਕੀ ਪ੍ਰੋਜੈਕਟ ਲਈ ਅਧਿਕਾਰੀ ਜੇ.ਸੀ.ਬੀ. ਮਸ਼ੀਨਾਂ ਅਤੇ ਟ੍ਰੈਕਟਰ ਲੈ ਕੇ ਉਨ੍ਹਾਂ ਦੀ ਜ਼ਮੀਨ ਵਿਚ ਆ ਵੜੇ ਜਿਨ੍ਹਾਂ ਖੜ੍ਹੀ ਝੋਨੇ ਦੀ ਫਸਲ ਨੂੰ ਵੀ ਵਾਹ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨ ਦਾ ਬਣਦਾ ਮਾਰਕੀਟ ਭਾਅ ਨਹੀਂ ਦਿੱਤਾ ਜਾ ਰਿਹਾ ਜੋ ਕਿਸਾਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨਾਂ ਦਾ ਰੇਟ ਪ੍ਰਤੀ ਏਕੜ 40 ਤੋਂ 50 ਲੱਖ ਰੁਪਏ ਬਣਦਾ ਹੈ ਜਦਕਿ ਸਰਕਾਰ ਵਲੋਂ ਛਾਂਟ ਕੱਢ ਕੇ 8 ਤੋਂ 9 ਲੱਖ ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ।
ਉੱਧਰ ਜ਼ਮੀਨ ’ਤੇ ਕਬਜ਼ਾ ਲੈਣ ਪੁੱਜੇ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਗ੍ਰੀਨ ਫੀਲਡ ਯੋਜਨਾ ਤਹਿਤ ਜੋ ਪਿੰਡ ਸਹਿਜੋ ਮਾਜਰਾ ਵਿਖੇ ਜ਼ਮੀਨ ਪੂਰੇ ਸ਼ਾਂਤਮਈ ਢੰਗ ਨਾਲ ਐਕਵਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਮੀਨ ’ਤੇ ਕਬਜ਼ਾ ਲੈਣ ਲਈ ਉਨ੍ਹਾਂ ਨਾਲ ਡੀ. ਐੱਸ. ਪੀ. ਕਰਮਜੀਤ ਸਿੰਘ ਗਰੇਵਾਲ ਸਮੇਤ 100 ਦੇ ਕਰੀਬ ਪੁਲਸ ਜਵਾਨ ਮੌਜੂਦ ਸਨ।