ਜਲੰਧਰ/ਪਟਿਆਲਾ/ਮੋਗਾ/ਫਗਵਾੜਾ – ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਨੂੰ ਕੱਢਣ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ), ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਸਾਂਝੇ ਤੌਰ ‘ਤੇ ਕੀਤਾ ਸੀ, ਜੋ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਅੱਜ ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ 62ਵਾਂ ਦਿਨ ਹੈ। ਗਲੂਕੋਜ਼ ਦੇਣ ਅਤੇ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਕਿਸਾਨਾਂ ਨੇ ਪੰਜਾਬ ਵਿੱਚ 200 ਤੋਂ ਵੱਧ ਥਾਵਾਂ ’ਤੇ ਇਕ ਲੱਖ ਤੋਂ ਵੱਧ ਟਰੈਕਟਰਾਂ ਨਾਲ ਸੜਕਾਂ ’ਤੇ ਮਾਰਚ ਕੀਤਾ। ਅਜਿਹਾ ਹੀ ਵਿਰੋਧ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਵੇਖਿਆ ਗਿਆ। ਦੇਸ਼ ਵਿਆਪੀ ਟਰੈਕਟਰ ਮਾਰਚ ਦੇ ਸੱਦੇ ‘ਤੇ ਕਿਸਾਨ ਆਗੂਆਂ ਨੇ ਕਿਹਾ ਕਿ ਟਰੈਕਟਰ ਮਾਰਚ ਰਾਹੀਂ ਭਾਜਪਾ ਦੇ ਦਫ਼ਤਰਾਂ ਅਤੇ ਅਡਾਨੀ ਅੰਬਾਨੀਆਂ ਦੇ ਸ਼ਾਪਿੰਗ ਮਾਲਾਂ ਦੇ ਬਾਹਰ ਆਪਣੇ ਟਰੈਕਟਰ ਖੜ੍ਹੇ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਗਟਾਇਆ ਗਿਆ।
ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਇਸ ਦੀ ਤਿਆਰੀ ਵਜੋਂ ਅੱਜ ਭੋਗਪੁਰ ਵਿਚ ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ।