ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਵਿੱਚ ਪਹੁੰਚੇ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਵਕੀਲ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਕੁਝ ਲੋਕਾਂ ਵੱਲੋਂ ਲੀਕ ਕੀਤੇ ਗਏ ਸਨ ਅਤੇ ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਉਦੋਂ ਉਹ ਇਸ ਮਾਮਲੇ ਵੱਲ ਧਿਆਨ ਨਹੀਂ ਦੇ ਸਕੇ ਸਨ, ਪਰ ਹੁਣ ਉਹ ਇਸ ਮਾਮਲੇ ‘ਤੇ ਪੂਰਾ ਧਿਆਨ ਦੇਣਗੇ।
ਇਸ ਦੇ ਨਾਲ ਹੀ ਇੱਕ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਗੀਤ ਜੋ ਪਹਿਲਾਂ ਰਿਕਾਰਡ ਹੋ ਚੁੱਕੇ ਹਨ, ਉਨ੍ਹਾਂ ਦੇ ਕੋਲ ਪਏ ਹਨ ਅਤੇ ਇੱਕ-ਇੱਕ ਕਰਕੇ ਉਹ ਗੀਤ ਮਾਰਕਿਟ ’ਚ ਆਉਂਦੇ ਰਹਿਣਗੇ। ਅਸੀਂ ਹਮੇਸ਼ਾਂ ਬਜ਼ਾਰ ਵਿੱਚ ਹੋਵਾਂਗੇ, ਮੈਂ ਲੰਬੇ ਸਮੇਂ ਤੱਕ ਇਸ ਵਿੱਚ ਰਹਾਂਗਾ ਕਿਉਂਕਿ ਮੇਰੇ ਕੋਲ ਸਿੱਧੂ ਦੀ ਬਹੁਤ ਸਾਰੀ ਸਮੱਗਰੀ ਪਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਦਾ ਗੀਤ ਸੋਸ਼ਲ ਮੀਡੀਆ ‘ਤੇ ਆਉਂਦਾ ਹੈ ਤਾਂ ਉਹ ਤੁਰੰਤ ਹਿੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚੋਣ ਲੜਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਅਜਿਹਾ ਕੋਈ ਵਿਚਾਰ ਨਹੀਂ ਹੈ, ਪਰ ਜੇਕਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਦੇਵੇਗੀ ਤਾਂ ਉਹ ਤਨਦੇਹੀ ਨਾਲ ਨਿਭਾਉਣਗੇ।