ਅਬੋਹਰ : ਪਿੰਡ ਧਰਾਂਗਵਾਲਾ ਦੇ ਇਕ ਮਿਸਤਰੀ ਨੇ ਬੀਤੇ ਦਿਨ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੋ ਦਿਨਾਂ ਬਾਅਦ ਅੱਜ ਰੂਪਨਗਰ ਪਿੰਡ ਦੇ ਗੰਗ ਨਹਿਰ ’ਚੋਂ ਉਸ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੀ ਮਦਦ ਨਾਲ ਇਸ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਕਥਿਤ ਦੋਸ਼ ਲਾਇਆ ਹੈ ਕਿ ਜਿਸ ਵਿਅਕਤੀ ਦੇ ਘਰ ਉਹ ਅਬੋਹਰ ’ਚ ਕੰਮ ਕਰਦਾ ਸੀ, ਉਹ ਆਪਣੇ ਕੁੱਝ ਦੋਸਤਾਂ ਨਾਲ ਉਸ ਦੇ ਘਰ ਆਇਆ ਸੀ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਸਨ। ਇਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕਰੀਬ 25 ਸਾਲਾ ਰਾਏ ਬਹਾਦਰ ਪੁੱਤਰ ਪੱਪੂ ਰਾਮ ਜੋ ਕਿ ਮਿਸਤਰੀ ਵਜੋਂ ਕੰਮ ਕਰਦਾ ਸੀ ਅਤੇ ਤਿੰਨ ਬੱਚਿਆਂ ਦਾ ਪਿਤਾ ਸੀ, ਪਿਛਲੇ ਕੁੱਝ ਦਿਨਾਂ ਤੋਂ ਅਬੋਹਰ ’ਚ ਕਿਸੇ ਦੇ ਘਰ ਕੰਮ ਕਰ ਰਿਹਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਦਿਨੀਂ ਉਸ ਦੀ ਲੱਤ ’ਚ ਸੱਟ ਲੱਗਣ ਕਾਰਨ ਉਹ ਦੋ ਦਿਨਾਂ ਤੋਂ ਕੰਮ ’ਤੇ ਨਹੀਂ ਗਿਆ ਸੀ ਅਤੇ ਜਿਨ੍ਹਾਂ ਘਰ ਕੰਮ ਲੱਗਾ ਸੀ। ਉਨ੍ਹਾਂ ਤੋਂ ਉਸ ਨੇ ਆਪਣੀ ਮਜ਼ਦੂਰੀ ਦੇ ਪੈਸੇ ਲੈਣੇ ਸੀ। ਜਦੋਂ ਉਸ ਨੇ ਆਪਣੇ ਪੈਸੇ ਮੰਗੇ ਤਾਂ ਉਕਤ ਲੋਕ ਉਸ ਦੇ ਘਰ ਆਏ, ਉਸ ਨਾਲ ਝਗੜਾ ਕੀਤਾ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਚਲੇ ਗਏ। ਇਸ ਤੋਂ ਦੁਖੀ ਹੋ ਕੇ ਉਹ 11 ਅਗਸਤ ਨੂੰ ਘਰੋਂ ਇਹ ਕਹਿ ਕੇ ਨਿਕਲ ਗਿਆ ਕਿ ਉਹ ਸ਼ਹਿਰ ਜਾ ਰਿਹਾ ਹੈ ਅਤੇ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਉਹ ਉਸ ਦੀ ਲਗਾਤਾਰ ਭਾਲ ਕਰ ਰਹੇ ਸਨ ਤਾਂ ਬੁੱਧਵਾਰ ਸਵੇਰੇ ਰੂਪਨਗਰ ਪਿੰਡ ’ਚ ਨਹਿਰ ਵਿਚੋਂ ਉਸ ਦੀ ਲਾਸ਼ ਮਿਲੀ। ਸੂਚਨਾ ਮਿਲਣ ’ਤੇ ਸਦਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢ ਕੇ ਮੁਰਦਾਘਰ ’ਚ ਰੱਖ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।