ਉੱਤਰ-ਪੂਰਬੀ ਦਿੱਲੀ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੰਦ ਨਗਰੀ ਇਲਾਕੇ ‘ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੇ ਪਿਤਾ ਦੀ ਕੁੱਟਮਾਰ ਕੀਤੀ ਤੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪਿਤਾ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਹੇਠ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਸ਼ੀ ਅਰੁਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਦੀ ਹਾਲਤ ’ਚ ਸੀ ਅਤੇ ਉਸ ਦੇ ਕੱਪੜਿਆਂ ‘ਤੇ ਖੂਨ ਦੇ ਧੱਬੇ ਲੱਗੇ ਹੋਏ ਸੀ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਬੁੱਧਵਾਰ ਦੁਪਹਿਰ ਕਰੀਬ 2 ਵਜੇ ਪੀਸੀਆਰ ਕਾਲ ਰਾਹੀਂ ਮਿਲੀ, ਜਿਸ ਤੋਂ ਬਾਅਦ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਮੁੱਢਲੀ ਜਾਂਚ ਤੋਂ ਬਾਅਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਕੇਹਰ ਸਿੰਘ (65 ਸਾਲ) ਆਪਣੇ ਸ਼ਰਾਬੀ ਪੁੱਤਰ ਅਰੁਣ ਨਾਲ ਰਹਿ ਰਿਹਾ ਸੀ। ਅਰੁਣ ਅਤੇ ਪਿਤਾ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਰਹਿੰਦਾ ਸੀ ਤੇ ਉਹ ਅਕਸਰ ਆਪਣੇ ਪਿਤਾ ਤੋਂ ਸਾਰੀ ਜਾਇਦਾਦ ਦੀ ਮੰਗ ਕਰਦਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਦੋਵਾਂ ਪਿਉ-ਪੁੱਤਾਂ ਵਿਚਾਲੇ ਇੱਕ ਵਾਰ ਝਗੜਾ ਹੋਇਆ। ਗੱਲ ਨਾ ਬਣਦੀ ਦੇਖ ਕੇ ਅਰੁਣ ਨੇ ਆਪਣੇ ਪਿਤਾ ’ਤੇ ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕੇਹਰ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਮ੍ਰਿਤਕ ਕੇਹਰ ਦੇ ਵੱਡੇ ਮੁੰਡੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਮੁਲਜ਼ਮ ਅਰੁਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਪਾਸੋਂ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਹੋਰ ਅੱਗੇ ਪੁੱਛ ਕੀਤੀ ਜਾਣੀ ਹੈ।