ਲੁਧਿਆਣਾ : ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਲਾਡੋਵਾਲ ਦੀ ਪੁਲਸ ਨੇ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਥਾਣੇਦਾਰ ਦਲਬੀਰ ਸਿੰਘ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਫਤਹਿਪੁਰ ਗੁੱਜਰਾਂ ਕੋਲ ਮੌਜੂਦ ਸੀ। ਇਸੇ ਦੌਰਾਨ ਖ਼ਬਰੀ ਨੇ ਸੂਚਨਾ ਦਿੱਤੀ ਕਿ ਪਿੰਡ ਤਲਵੰਡੀ ਕਲਾਂ ਦੀ ਇਕ ਮਹਿਲਾ ਜੰਗਲ ਦੇ ਅੰਦਰ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਖੜ੍ਹੀ ਹੋਈ ਹੈ। ਜਿਸ ਤੋਂ ਬਾਅਦ ਥਾਣਾ ਮੁਖੀ ਨੇ ਤੁਰੰਤ ਥਾਣੇਦਾਰ ਦਲਬੀਰ ਸਿੰਘ ਦੀ ਪੁਲਸ ਟੀਮ ਨੂੰ ਉਕਤ ਜਗ੍ਹਾ ’ਤੇ ਰੇਡ ਮਾਰਨ ਲਈ ਭੇਜਿਆ ਗਿਆ।
ਜਦੋਂ ਪੁਲਸ ਟੀਮ ਜੰਗਲ ’ਚ ਪੁੱਜੀ ਤਾਂ ਉਥੇ ਸਾਹਮਣੇ ਖੜ੍ਹੀ ਮਹਿਲਾ ਪੁਲਸ ਨੂੰ ਦੇਖ ਕੇ ਪਿੱਛੇ ਮੁੜ ਕੇ ਭੱਜਣ ਲੱਗੀ ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਔਰਤ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਜੋਗਿੰਦਰੋ ਪਤਨੀ ਨਿਰਮਲ ਚੰਦ ਵਾਸੀ ਪਿੰਡ ਤਲਵੰਡੀ ਕਲਾਂ ਪੰਜ ਢੇਰਾਂ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮ ਔਰਤ ਖਿਲਾਫ ਥਾਣਾ ਲਾਡੋਵਾਲ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।