ਲੋਕ ਸਭਾ ਚੋਣਾਂ ’ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਜੇਤੂ ਅਤੇ ਅਦਾਕਾਰ ਕੰਗਨਾ ਰਣੌਤ ਨੇ CISF ਦੀ ਇੱਕ ਮਹਿਲਾ ’ਤੇ ਥੱਪੜ ਮਾਰਨ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਨਾਲ ਹੀ ਕੰਗਨਾ ਨੇ ਮਹਿਲਾ ਸਿਪਾਹੀ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਦਰਅਸਲ ਨਵੇਂ ਚੁਣੇ ਗਏ ਸੰਸਦ ਮੈਂਬਰ ਕੰਗਨਾ ਰਣੌਤ ਦਿੱਲੀ ’ਚ ਭਾਜਪਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚੇ ਸੀ। ਇੱਥੇ ਸੁਰੱਖਿਆ ਜਾਂਚ ਦੌਰਾਨ ਕੰਗਨਾ ਦੀ ਕਿਸੇ ਗੱਲ ਨੂੰ ਲੈ ਕੇ ਇੱਕ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨਾਲ ਬਹਿਸ ਹੋ ਗਈ। ਇਸ ਦੌਰਾਨ ਕੰਗਨਾ ਨੇ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਮਹਿਲਾ ਸਿਪਾਹੀ ਨੂੰ ਨੌਕਰੀ ਤੋਂ ਹਟਾਉਣ ਅਤੇ ਉਸਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਬਿਆਨ ਨੂੰ ਲੈ ਕੇ ਮਹਿਲਾ ਸਿਪਾਹੀ ਦੇ ਦਿਲ ’ਚ ਗੁਬਾਰ ਸੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ DSP ਏਅਰਪੋਰਟ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰ ਪਤਾ ਲੱਗਿਆ ਹੈ ਕਿ ਸਿਪਾਹੀ ਮਹਿਲਾ ਜਵਾਨ ਨੇ ਕੰਗਨਾ ਰਣੌਂਤ ਨਾਲ ਦੁਰਵਿਵਹਾਰ ਕੀਤਾ ਹੈ। ਫਿਲਹਾਲ ਅਧਿਕਾਰੀ ਸਿਪਾਹੀ ਔਰਤ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।