ਅਮਰੀਕੀ ਸੂਬੇ ਕੈਲੇਫ਼ੌਰਨੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਅੱਗ ਸ਼ੁਰੂ ਕਰਨ ਦੇ ਸ਼ੱਕ ਦੇ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਰਾਤੋ-ਰਾਤ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਬੁਟੇ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਈਕ ਰੈਮਸੇ ਮੁਤਾਬਕ ਇੱਕ ਵਿਅਕਤੀ ਨੇ ਅੱਗ ਲੱਗੀ ਹੋਈ ਇੱਕ ਕਾਰ ਨੂੰ ਨਾਲੇ ’ਚ ਧੱਕ ਦਿੱਤਾ, ਜਿਸ ਕਾਰਨ ਨਾਲੇ ਦੇ ਨੇੜੇ ਪਾਰਕ ’ਚ ਅੱਗ ਲੱਗ ਗਈ। ਰਾਤੋ ਰਾਤ ਇਸ ਤੇਜ਼ੀ ਨਾਲ ਫੈਲੀ ਇਸ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਤੇ 1400 ਏਕੜ ਤੋਂ 45,500 ਏਕੜ ਤੱਕ ਫੈਲ ਗਈ।
ਫਿਲਹਾਲ ਉਕਤ ਵਿਅਕਤੀ ਨੂੰ ਬੁਟੇ ਕਾਉਂਟੀ ਜੱਜ ਦੇ ਵਾਰੰਟ ’ਤੇ ਬਿਨ੍ਹਾਂ ਜ਼ਮਾਨਤ ਵਾਲੀ ਜ਼ੇਲ੍ਹ ਭੇਜ ਦਿੱਤਾ ਗਿਆ ਹੈ। ਜਿਸ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਇਹ ਤਾਂ ਨਹੀਂ ਦੱਸਿਆ ਗਿਆ ਕਿ ਫੜੇ ਗਏ ਵਿਅਕਤੀ ’ਤੇ ਦੋਸ਼ ਕੀ ਲਗਾਏ ਗਏ ਹਨ, ਪਰ ਇਸ ਦਾ ਪਤਾ ਤਾਂ ਸੋਮਵਾਰ ਨੂੰ ਹੀ ਪਤਾ ਲੱਗ ਸਕੇਗਾ। ਸਥਾਨਕ ਮੀਡੀਆ ਦੇ ਅਨੁਸਾਰ ਸੰਯੁਕਤ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ’ਚ ਘੱਟੋ-ਘੱਟ 240,000 ਏਕੜ ਨੂੰ ਸਾੜ ਚੁੱਕੀ ਹੈ, ਜਿਸ ਨਾਲ ਕਈ ਛੋਟੇ ਕਸਬਿਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ, ਖੇਤੀ ਵਾਲੀ ਜ਼ਮੀਨ ਸੜ ਗਈ ਹੈ ਅਤੇ ਸੈਂਕੜੇ ਪਸ਼ੂ ਮਾਰੇ ਗਏ ਹਨ।