ਜਲੰਧਰ ਸ਼ਨੀਵਾਰ ਸਵੇਰੇ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਚਾਰਜ ਸੰਭਾਲਿਆ ਅਤੇ ਦੇਰ ਰਾਤ ਲਾਡੋਵਾਲੀ ਰੋਡ ਤੋਂ ਸਰ੍ਹੋਂ ਦੇ ਤੇਲ ਨਾਲ ਭਰੀ ਪਿਕਅਪ ਗੱਡੀ ਨੂੰ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਨੂੰ ਫੈਕਟਰੀ ਦੇ ਮਾਲਕ ਨੇ ਜੀ.ਪੀ.ਐੱਸ. ਸਿਸਟਮ ਨਾਲ ਟਰੈਕ ਕਰ ਲਿਆ ਅਤੇ ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਤੋਂ ਅੱਗੇ ਡਬਲਯੂ.ਜੇ. ਗ੍ਰੈਂਡ ਹੋਟਲ ਦੇ ਸਾਹਮਣੇ ਲੁਟੇਰੇ ਨੂੰ ਕਾਬੂ ਕਰਨਾ ਚਾਹਿਆ, ਪਰ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ ਤੇ ਟੱਕਰ ਤੋਂ ਬਾਅਦ ਦੋਵੇਂ ਵਾਹਨ ਪਲਟ ਗਏ
। ਇਸ ਕਾਰਨ ਲੁਟੇਰੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਲੁਟੇਰਾ ਜਿਹੜਾ ਐਕਟਿਵਾ ’ਤੇ ਸਵਾਰ ਸੀ, ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਨੰਬਰ 1 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਅਮਨ ਨਗਰ ਵਿਚ ਹਰੀਸ਼ ਚੰਦਰ ਐਗਰੋ ਐਂਡ ਕੈਮੀਕਲ ਨਾਂ ਦੀ ਸਰ੍ਹੋਂ ਦਾ ਤੇਲ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਹਨ। ਉਨ੍ਹਾਂ ਦਾ ਡਰਾਈਵਰ ਆਲੋਕ ਕੁਮਾਰ, ਜਿਹੜਾ ਕਿ ਕਈ ਸਾਲਾਂ ਤੋਂ ਉਨ੍ਹਾਂ ਕੋਲ ਕੰਮ ਕਰਦਾ ਹੈ, ਰੋਜ਼ਾਨਾ ਫੈਕਟਰੀ ਵਿਚੋਂ ਪਿਕਅਪ ਗੱਡੀ ਵਿਚ ਸਰ੍ਹੋਂ ਦਾ ਤੇਲ ਲੋਡ ਕਰ ਕੇ ਬੂਟਾ ਮੰਡੀ ਸਥਿਤ ਘਰ ਲਿਜਾਂਦਾ ਹੈ। ਇਸ ਤੋਂ ਬਾਅਦ ਸਵੇਰੇ ਉਹ ਸਪਲਾਈ ਦੇਣ ਲਈ ਨਿਕਲ ਜਾਂਦਾ ਸੀ। ਸ਼ਨੀਵਾਰ ਸ਼ਾਮੀਂ ਵੀ ਉਹ ਪਿਕਅਪ ਗੱਡੀ ਵਿਚ ਸਰ੍ਹੋਂ ਦੇ ਤੇਲ ਦੀਆਂ ਪੇਟੀਆਂ ਲੱਦ ਕੇ ਫੈਕਟਰੀ ਵਿਚੋਂ ਨਿਕਲਿਆ ਸੀ।