ਲੁਧਿਆਣਾ – ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 25 ਫਰਮਾਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਉਕਤ ਫਰਮਾਂ ਖਿਲਾਫ ਏ. ਈ. ਟੀ. ਸੀ.-1 ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਜੀ. ਐੱਸ. ਟੀ. ਵਿਭਾਗ ਵੱਲੋਂ ਪੁਲਸ ਨੂੰ ਇਨ੍ਹਾਂ ਫਰਮਾਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਵੱਖ-ਵੱਖ 25 ਲੈਟਰ ਲਿਖੇ, ਜਿਸ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਵਿਭਾਗ ਮੁਤਾਬਕ ਵਿਭਾਗ ਦੇ ਵੱਖ-ਵੱਖ ਵਾਰਤਾਂ ’ਚ ਸਥਿਤ ਇਨ੍ਹਾਂ ਫਰਮਾਂ ਦੀ ਪੰਜਾਬ ਵੈਟ ਐਕਟ 2005 ਦੇ ਸੈਕਸ਼ਨ 29 ਦੇ ਅਧੀਨ ਫਰਮਾਂ ਦੀ ਪਿਛਲੇ ਸਾਲਾਂ ਦੀ ਅਸੈੱਸਮੈਂਟ ਨਿਰਧਾਰਤ ਕੀਤੀ ਗਈ। ਇਸ ਦੌਰਾਨ ਵਿਭਾਗ ਵੱਲੋਂ ਇਨ੍ਹਾਂ ਫਰਮਾਂ ਦੀ ਵਾਧੂ ਮੰਗ ਕੱਢੀ ਗਈ ਪਰ ਵਾਰ-ਵਾਰ ਨੋਟਿਸ ਭੇਜਣ ਤੋਂ ਬਾਅਦ ਵੀ ਇਨ੍ਹਾਂ ਫਰਮਾਂ ਦੇ ਮਾਲਕ ਵਿਭਾਗ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਨਾ ਹੀ ਕੋਈ ਦਸਤਾਵੇਜ਼ ਜਮ੍ਹਾ ਕਰਵਾਏ ਗਏ।ਵਾਰ-ਵਾਰ ਕਹਿਣ ’ਤੇ ਜਦੋਂ ਕਿਸੇ ਵੀ ਫਰਮ ਦਾ ਮਾਲਕ ਪੇਸ਼ ਨਾ ਹੋਇਆ ਤਾਂ ਸਰਕਾਰ ਵੱਲੋਂ ਵਾਧੂ ਡਿਮਾਂਡ ਕੱਢ ਕੇ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਪਰ ਫਿਰ ਵੀ ਫਰਮਾਂ ਵੱਲੋਂ ਕੋਈ ਪੇਸ਼ ਨਹੀਂ ਹੋਇਆ।
ਉਸ ਤੋਂ ਬਾਅਦ ਪੰਜਾਬ ਵੈਟ ਐਕਟ-2005 ਤਹਿਤ ਰਿਕਵਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਹੀ ਉਕਤ ਫਰਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ। ਪੁਲਸ ਨੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਭੇਜੇ ਗਏ 25 ਪੱਤਰਾਂ ਤੋਂ ਬਾਅਦ ਜਾਂਚ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਫਰਮਾਂ ਦੇ ਮਾਲਕਾਂ ਖਿਲਾਫ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ ’ਚ ਕਾਰਵਾਈ ਕੀਤੀ ਗਈ ਹੈ।