ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਆਤਿਸ਼ੀ ਖ਼ਿਲਾਫ਼ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਗੋਵਿੰਦਪੁਰੀ ਥਾਣੇ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਦਰਅਸਲ ਦਿੱਲੀ ਚੋਣਾਂ ਲਈ ਕੱਲ੍ਹ ਯਾਨੀ ਸੋਮਵਾਰ ਪ੍ਰਚਾਰ ਰੁਕ ਗਿਆ ਪਰ ਦੇਰ ਰਾਤ ਤੱਕ ਪਾਰਟੀ ਦੇ ਵਰਕਰ ਕਈ ਥਾਵਾਂ ‘ਤੇ ਪ੍ਰਚਾਰ ਕਰਦੇ ਦਿੱਸੇ। ਜਿਸ ਕਾਰਨ ਕਈ ਥਾਵਾਂ ‘ਤੇ ਹੰਗਾਮਾ ਵੀ ਹੋਇਆ। ਸਭ ਤੋਂ ਜ਼ਿਆਦਾ ਹੰਗਾਮਾ ਮੁੱਖ ਮੰਤਰੀ ਆਤਿਸ਼ੀ ਦੀ ਸੀਟ ਕਾਲਕਾਜੀ ‘ਚ ਹੋਇਆ। ਜਿਸ ਤੋਂ ਬਾਅਦ ਗੋਵਿੰਦਪੁਰੀ ਪੁਲਸ ਸਟੇਸ਼ਨ ‘ਚ ਪੁਲਸ ਨੇ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਲਈ ਆਤਿਸ਼ੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ।
ਦਿੱਲੀ ਪੁਲਸ ਦੇ ਡੀਸੀਪੀ ਨੇ ਦੱਸਿਆ ਕਿ ਆਤਿਸ਼ੀ 4 ਫਰਵਰੀ ਦੀ ਰਾਤ ਨੂੰ ਫਤਿਹ ਸਿੰਘ ਮਾਰਗ ‘ਤੇ ਕਾਫ਼ੀ ਲੋਕਾਂ ਅਤੇ ਗੱਡੀਆਂ ਨਾਲ ਮੌਜੂਦ ਸੀ। ਪੁਲਸ ਅਨੁਸਾਰ ਉਨ੍ਹਾਂ ਨਾਲ 50 ਤੋਂ 70 ਲੋਕ ਅਤੇ ਲਗਭਗ 10 ਗੱਡੀਆਂ ਸਨ। ਇਹ ਚੋਣ ਜ਼ਾਬਤਾ ਦੀ ਉਲੰਘਣਾ ਹੈ। ਫਲਾਇੰਗ ਸਕੁਐਡ ਟੀਮ ਦੀ ਸ਼ਿਕਾਇਤ ‘ਤੇ ਗੋਵਿੰਦਪੁਰੀ ਥਾਣੇ ‘ਚ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ ਬੀ.ਐੱਨ.ਐੱਸ. ਦੀ ਧਾਰਾ 223 ਅਤੇ ਆਰਪੀ ਐਕਸ 126 ਦੇ ਅਧੀਨ ਦਰਜ ਕੀਤਾ ਗਿਆ ਹੈ।