ਅਬੂਜਾ – ਨਾਈਜੀਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਤਰੀ ਪ੍ਰਾਂਤ ਕਾਨੋ ਵਿੱਚ ਇੱਕ ਟਰੱਕ ਅਤੇ ਬੱਸ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਟੱਕਰ ਮਗਰੋਂ ਅੱਗ ਲੱਗ ਗਈ ਅਤੇ ਇਸ ਨੇ ਦੋਵੇਂ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਟੱਕਰ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਕਾਨੋ ਸਟੇਟ ਫੈਡਰਲ ਰੋਡ ਸੇਫਟੀ ਕੋਰ ਸੈਕਟਰ ਕਮਾਂਡਰ ਮੁਹੰਮਦ ਬਾਤੂਰੇ ਨੇ ਦੱਸਿਆ ਕਿ ਇਹ ਹਾਦਸਾ ਕਾਸੁਵਰ ਡੋਗੋ ਖੇਤਰ ਵਿੱਚ ਜ਼ਾਰੀਆ-ਕਾਨੋ ਹਾਈਵੇਅ ‘ਤੇ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਹਾਦਸੇ ਸਮੇਂ ਬੱਸ ਡਰਾਈਵਰ ਗਲਤ ਰਸਤੇ ‘ਤੇ ਚਲਾ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।