ਅਮਰੀਕਾ ਦੇ ਕੈਲੇਫੌਰਨੀਆ ਦੇ ਜੰਗਲਾਂ ’ਚ ਪਿਛਲੇ ਮੰਗਲਵਾਰ ਤੋਂ ਲੱਗੀ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਜਿੱਥੇ 5500 ਤੋ ਵੀ ਜਿਆਦਾ ਫਾਇਰ ਕਰਮਚਾਰੀ ਦਿਨ-ਰਾਤ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਲੀਫੋਰਨੀਆ ਦੇ ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ ਸੰਯੁਕਤ ਰਾਜ ਵਿੱਚ ਸਭ ਤੋਂ ਵੱਡੀ ਜੰਗਲੀ ਅੱਗ 600 ਵਰਗ ਮੀਲ ਤੋਂ ਵੀ ਵੱਧ ਫੈਲ ਗਈ ਹੈ, ਜੋ ਕਿ ਲਾਸ ਏਂਜਲਸ ਸ਼ਹਿਰ ਤੋਂ ਵੀ ਵੱਡੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 3,85,065 ਏਕੜ ਤੱਕ ਅੱਗ ਵੱਧ ਗਈ ਹੈ ਜੋ ਕਿ ਕੈਲੀਫੋਰਨੀਆ ਦੇ ਇਤਿਹਾਸ ਵਿੱਚ ਪੰਜਵੀਂ ਸਭ ਤੋਂ ਵੱਡੀ ਜੰਗਲੀ ਅੱਗ ਬਣ ਗਈ ਹੈ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਪਾਰਕ ਦੀ ਅੱਗ ਮੰਗਲਵਾਰ ਨੂੰ ਫਰਿਜ਼ਨੋ ਕਾਉਂਟੀ ਵਿੱਚ 2020 ਕ੍ਰੀਕ ਫਾਇਰ ਦੇ ਆਕਾਰ ਨੂੰ ਪਾਰ ਕਰ ਗਈ, ਜਿਸ ਨੇ ਲਗਭਗ 380,000 ਏਕੜ ਨੂੰ ਸਾੜ ਦਿੱਤਾ ਸੀ। ਪਰ ਇਹ ਅਜੇ ਵੀ ਰਾਜ ਦੀ ਸਭ ਤੋਂ ਵੱਡੀ ਅੱਗ, 2020 ਦੀ ਅਗਸਤ ਕੰਪਲੈਕਸ ਅੱਗ ਤੋਂ ਛੋਟੀ ਹੈ, ਜਿਸ ਨੇ ਉੱਤਰੀ ਕੈਲੀਫੋਰਨੀਆ ਦੀਆਂ ਸੱਤ ਕਾਉਂਟੀਆਂ ਵਿੱਚ 1 ਮਿਲੀਅਨ ਏਕੜ ਤੋਂ ਵੱਧ ਨੂੰ ਸਾੜ ਦਿੱਤਾ ਸੀ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ, ਜਾਂ ਕੈਲ ਫਾਇਰ ਦੇ ਫਾਇਰ ਕੈਪਟਨ ਡੈਨ ਕੋਲਿਨਜ਼ ਨੇ ਕਿਹਾ ਕਿ ਪਾਰਕ ਦੀ ਅੱਗ ਜੋ ਕਿ ਸੁੱਕੇ ਘਾਹ ਅਤੇ ਲੱਕੜਾਂ ਨਾਲ ਫੈਲੀ ਸੀ, ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਇਸਦੇ ਨਾਲ ਹੀ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੱਕ ਸਿਰਫ 14 ਫੀਸਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਹੈ। ਇਸ ਪਾਰਕ ਦੀ ਅੱਗ ਕਾਰਨ 192 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਤਬਾਹ ਹੋ ਗਈਆਂ, ਜਿਸ ਕਾਰਨ 4,000 ਤੋਂ ਵੱਧ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਤੋ ਇਲਾਵਾ ਕੈਲ ਫਾਇਰ ਦੇ ਬੁਲਾਰੇ ਜੇਰੇਮੀ ਹੋਲਿੰਗਸਹੇਡ ਨੇ ਦੱਸਿਆ ਕਿ 41 ਹੈਲੀਕਾਪਟਰ ਜ਼ਮੀਨ ’ਤੇ ਹੀ ਮੌਜੂਦ ਹਨ, ਜਿੰਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਸਮਾਨ ’ਚ ਧੂੰਏਂ ਦੇ ਬੱਦਲ ਬਣੇ ਹੋਏ ਹਨ। ਜਿੰਨ੍ਹਾਂ ਦੀ ਵਰਤੋਂ ਅੱਗ ‘ਤੇ ਪਾਣੀ ਅਤੇ ਅੱਗ ਰੋਕੂ ਰਸਾਇਣਾਂ ਨੂੰ ਸੁੱਟਣ ਲਈ ਕੀਤੀ ਜਾ ਸਕਦੀ ਹੈ।