ਪਟਿਆਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਲੜਾਈ ਵਿੱਚ ਪਿਓ-ਪੁੱਤਰ ਸਣੇ 3 ਲੋਕਾਂ ਦੀ ਮੌਤ ਹੋ ਗਈ। ਮਾਮਲਾ ਘਨੌਰ ਦੇ ਪਿੰਡ ਚਤਰ ਨਗਰ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਜ਼ਮੀਨ ਦੇ ਟੋਟੇ ਨੂੰ ਲੈ ਕੇ ਦੋਵਾਂ ਧਿਰ ਆਪਸ ਵਿੱਚ ਗੁਥਮ-ਗੁੱਥਾ ਹੋ ਗਈਆਂ। ਇਸ ਦੌਰਾਨ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਕਈ ਲੋਕ ਜ਼ਖ਼ਮੀ ਵੀ ਹੋ ਗਏ।
ਜਾਣਕਾਰੀ ਮੁਤਾਬਕ ਦੋ ਧਿਰਾਂ ਵਿਚਾਲੇ ਕਰੀਬ 30 ਏਕੜ ਠੇਕੇ ਦੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੋਵਾਂ ਧਿਰਾਂ ਵੱਲੋਂ ਗੱਲਬਾਤ ਲਈ ਅੱਜ ਸਮਾਂ ਰੱਖਿਆ ਸੀ ਪਰ ਗੱਲਬਾਤ ਦੌਰਾਨ ਮਾਮਲਾ ਇੰਨ੍ਹਾ ਵਧ ਗਿਆ ਕਿ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਪਹਿਲੀ ਧਿਰ ਪਟਿਆਲਾ ਦੇ ਪਿੰਡ ਨੌਗਾਵਾਂ ਦੇ ਰਹਿਣ ਵਾਲਾ ਦਿਲਬਾਗ ਸਿੰਘ ਅਤੇ ਉਸ ਦਾ ਲੜਕਾ ਜਸਵਿੰਦਰ ਸਿੰਘ ਪਿੰਡ ਜੱਸੀ ਦੇ ਚਤਰ ਨਗਰ ਵਿੱਚ ਪਹੁੰਚੇ ਸੀ। ਦੂਜੇ ਪਾਸੇ ਤੋਂ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਚਤਰ ਨਗਰ ਆਦਿ ਹਾਜ਼ਰ ਰਹੇ। ਤਕਰਾਰ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ।
ਜਾਣਾਕਾਰੀ ਮੁਤਾਬਕ ਇਸ ਦੌਰਾਨ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਦਿਲਬਾਗ ਸਿੰਘ ਅਤੇ ਉਸ ਦੇ ਪੁੱਤਰ ਜਸਵਿੰਦਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੂਜੀ ਧਿਰ ਦੇ ਇੱਕ ਵਿਅਕਤੀ ਸਤਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਗੋਲੀਆਂ ਲੱਗਣ ਕਾਰਨ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦਾ ਪਤਾ ਚੱਲਦੇ ਹੀ ਘਨੌਰ ਦੇ ਡੀਐਸਪੀ ਬੂਟਾ ਸਿੰਘ ਅਤੇ ਥਾਣਾ ਸ਼ੰਭੂ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਜਿੰਨ੍ਹਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਖੇਤਾਂ ਵਿੱਚ ਪਈਆਂ ਮਿਲੀਆਂ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।