ਅਯੁੱਧਿਆ- ਅਯੁੱਧਿਆ ‘ਚ ਸ਼ਨੀਵਾਰ ਨੂੰ (ਪ੍ਰਤਿਸ਼ਠਾ ਦਵਾਦਸ਼ੀ) ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਨਾਲ ਜੁੜੇ ਸਮਾਰੋਹ ਦੀ ਸ਼ੁਰੂਆਤ ਹੋ ਗਈ, ਜਿਸ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਅਯੁੱਧਿਆ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਵਧਾਈ ਦਿੱਤੀ। ਵਰ੍ਹੇਗੰਢ ਸਮਾਰੋਹ ਦੀ ਸ਼ੁਰੂਆਤ ਯਜੁਰਵੇਦ ਦੇ ਪਾਠ ਨਾਲ ਹੋਈ। ਦੁਪਹਿਰ 12:20 ਵਜੇ ਭਗਵਾਨ ਦੀ ਸ਼ਾਨਦਾਰ ਆਰਤੀ ਹੋਵੇਗੀ, ਜਿਸ ਤੋਂ ਬਾਅਦ ਭਗਵਾਨ ਨੂੰ 56 ਪਕਵਾਨ ਚੜ੍ਹਾਏ ਜਾਣਗੇ। ਰਾਮਲਲਾ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ,”ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ-ਪ੍ਰਤੀਸ਼ਠਾ ਦੀ ਪਹਿਲੀ ਵਰ੍ਹੇਗੰਢ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ। ਸਦੀਆਂ ਦੀ ਕੁਰਬਾਨੀ, ਤਪੱਸਿਆ ਅਤੇ ਸੰਘਰਸ਼ ਤੋਂ ਬਾਅਦ ਬਣਿਆ ਇਹ ਮੰਦਰ ਸਾਡੀ ਸੰਸਕ੍ਰਿਤੀ ਅਤੇ ਅਧਿਆਤਮਿਕਤਾ ਦੀ ਇਕ ਮਹਾਨ ਵਿਰਾਸਤ ਹੈ।” ਉਨ੍ਹਾਂ ਕਿਹਾ,”ਮੈਨੂੰ ਵਿਸ਼ਵਾਸ ਹੈ ਕਿ ਇਹ ਦਿਵਯ-ਭਵਯ ਰਾਮ ਮੰਦਰ ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ‘ਚ ਇਕ ਵੱਡੀ ਪ੍ਰੇਰਨਾ ਬਣੇਗਾ।”
ਪ੍ਰੋਗਰਾਮ ‘ਚ ਮੰਡਪ, ਯੱਗਸ਼ਾਲਾ ‘ਚ ਸ਼ਾਸਤਰੀ ਸੰਸਕ੍ਰਿਤੀ ਪੇਸ਼ਕਾਰੀ, ਰਸਮਾਂ ਅਤੇ ਰੋਜ਼ਾਨਾ ਰਾਮ ਕਥਾ ਪ੍ਰਵਚਨ ਸ਼ਾਮਲ ਹੈ। ਦੱਸਣਯੋਗ ਹੈ ਕਿ 22 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਅਯੁੱਧਿਆ ਮੰਦਰ ‘ਚ ਰਾਮਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ।