ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ ਤੋਂ ਬਾਅਦ ਦੋ ਔਰਤਾਂ ਸਣੇ ਪੰਜ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਅਧਿਕਾਰੀਆਂ ਵਲੋਂ ਇਸ ਗੱਲ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਇੰਦਰਾਵਤੀ ਰਾਸ਼ਟਰੀ ਪਾਰਕ ਖੇਤਰ ਵਿਚ ਚੱਲ ਰਹੇ ਨਕਸਲ ਵਿਰੋਧੀ ਅਭਿਆਨ ਵਿਚ ਸੁਰੱਖਿਆ ਬਲਾਂ ਨੇ ਪਿਛਲੇ ਚਾਰ ਦਿਨਾਂ ਵਿਚ 2 ਨਕਸਲੀ ਨੇਤਾਵਾਂ ਸਣੇ ਕੁੱਲ 7 ਨਕਸਲੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਸਾਰੇ 7 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਚਾਰ ਜੂਨ ਤੋਂ ਬੀਜਾਪੁਰ ਜ਼ਿਲ੍ਹੇ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਵਿਚ ਨਕਸਲ ਵਿਰੋਧੀ ਅਭਿਆਨ ਜਾਰੀ ਹੈ। ਇਸ ਅਭਿਆਨਤ ਵਿਚ ਰਾਜ ਪੁਲਸ ਦੀ ਸਪੈਸ਼ਲ ਟਾਸਕ ਫੋਰਸ, ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਇਕ ਵਿਸ਼ੇਸ਼ ਇਕਾਈ, ਕੋਬਰਾ ਬਟਾਲੀਅਨ ਦੇ ਜਵਾਨ ਸ਼ਾਮਲ ਹਨ। ਉਹਨਾਂ ਕਿਹਾ ਕਿ 5 ਜੂਨ ਨੂੰ ਸੁਰੱਖਿਆ ਬਲਾਂ ਨੇ ਇਲਾਕੇ ਵਿਚ ਮਾਓਵਾਦੀ ਨੇਤਾ ਸੁਧਾਕਰ ਉਰਫ ਗੌਤਮ ਦੀ ਲਾਸ਼ ਬਰਾਮਦ ਕਰ ਲਈ ਸੀ। ਇਸ ਤੋਂ ਬਾਅਦ 6 ਜੂਨ ਨੂੰ ਤੇਲੰਗਾਨਾ ਰਾਜ ਕਮੇਟੀ ਦੇ ਮੈਂਬਰ ਭਾਸਕਰ ਦੀ ਲਾਸ਼ ਬਰਾਮਦ ਕਰ ਲਈ। ਸੁਧਾਕਰ ‘ਤੇ 40 ਲੱਖ ਰੁਪਏ ਅਤੇ ਭਾਸਕਰ ‘ਤੇ 45 ਲੱਖ ਰੁਪਏ ਦਾ ਇਨਾਮ ਸੀ।