ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ, ਪੁੰਛ, ਡੋਡਾ ਅਤੇ ਕਠੂਆ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਬੱਦਲ ਫਟਣ ਅਤੇ ਭਾਰੀ ਬਾਰਿਸ਼ ਕਾਰਨ ਆਏ ਅਚਾਨਕ ਹੜ੍ਹਾਂ ਵਿੱਚ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜੌਰੀ ਦੇ ਕਾਲਾਕੋਟ ਸਬ-ਡਿਵੀਜ਼ਨ ਦੇ ਸਿਆਲਸੁਈ ਮਾਉ ਪਿੰਡ ਵਿੱਚ ਇੱਕ ਨਦੀ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਸ਼ਕਫਤ ਅਲੀ (14) ਅਤੇ ਉਸਦੀ ਚਚੇਰੀ ਭੈਣ ਸਫੀਨਾ ਕੌਸਰ (11) ਡੁੱਬ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਵਿੱਚ ਫਸੀ ਸਾਇਮਾ (10) ਨੂੰ ਸਥਾਨਕ ਵਲੰਟੀਅਰਾਂ ਨੇ ਬਚਾਇਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਬੱਚੇ ਜਦੋਂ ਪਸ਼ੂਆਂ ਨੂੰ ਚਰਾ ਰਹੇ ਸਨ ਤਾਂ ਅਚਾਨਕ ਬੱਦਲ ਫਟਣ ਕਾਰਨ ਆਏ ਹੜ੍ਹ ਵਿੱਚ ਉਹ ਵਹਿ ਗਏ। ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜੋ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦੁਨਾਦੀ ਪਿੰਡ ਦੇ ਰਹਿਣ ਵਾਲੇ ਬਸ਼ਰਤ ਹੁਸੈਨ (32) ਦੀ ਲਾਸ਼ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਇੱਕ ਬਚਾਅ ਟੀਮ ਨੇ ਡੋਡਾ ਦੀ ਲੋਪਾ ਨਦੀ ਤੋਂ ਬਰਾਮਦ ਕੀਤੀ ਹੈ।