ਮੈਲਬੌਰਨ- ਆਸਟ੍ਰੇਲੀਆ ਦੇ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਨਾਲ ਭਾਰੀ ਤਬਾਹੀ ਹੋਈ ਹੈ। ਇਸ ਹੜ੍ਹ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੈ। ਖੁਸ਼ਕਿਸਮਤੀ ਨਾਲ ਹੁਣ ਮੌਸਮ ਸਾਫ਼ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਕਈ ਦਿਨਾਂ ਦੀ ਭਾਰੀ ਬਾਰਿਸ਼ ਤੋਂ ਬਾਅਦ ਸਿਡਨੀ ਦੇ ਉੱਤਰ ਵਿੱਚ ਨਿਊ ਸਾਊਥ ਵੇਲਜ਼ ਰਾਜ ਦੇ ਤੱਟ ‘ਤੇ ਹੜ੍ਹ ਕਾਰਨ ਲਗਭਗ 50 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਭਾਰੀ ਮੀਂਹ ਪਿਆ ਅਤੇ ਹੁਣ ਇਹ ਘੱਟ ਦਬਾਅ ਵਾਲਾ ਖੇਤਰ ਸਿਡਨੀ ਵੱਲ ਵਧ ਗਿਆ ਹੈ।
ਬੁੱਧਵਾਰ ਤੋਂ ਨਿਊ ਸਾਊਥ ਵੇਲਜ਼ ਵਿੱਚ ਹੜ੍ਹ ਦੇ ਪਾਣੀ ਵਿੱਚੋਂ ਚਾਰ ਲਾਸ਼ਾਂ ਕੱਢੀਆਂ ਗਈਆਂ ਹਨ। ਗੱਡੀ ਚਲਾਉਂਦੇ ਸਮੇਂ ਤਿੰਨ ਲੋਕ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਸਨ, ਜਦੋਂ ਕਿ ਇੱਕ ਆਦਮੀ ਦੀ ਲਾਸ਼ ਉਸਦੇ ਘਰ ਦੇ ਵਰਾਂਡੇ ਵਿੱਚੋਂ ਮਿਲੀ। ਬੁੱਧਵਾਰ ਰਾਤ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸੈਰ ਕਰਦੇ ਸਮੇਂ ਇੱਕ 49 ਸਾਲਾ ਵਿਅਕਤੀ ਲਾਪਤਾ ਹੋ ਗਿਆ ਅਤੇ ਉਸਦੀ ਭਾਲ ਅਜੇ ਵੀ ਜਾਰੀ ਹੈ।