ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਐਨਡੀਏ ਅਤੇ ਇੰਡੀਆ ਗੱਠਜੋੜ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਰੁਝਾਨਾਂ ਮੁਤਾਬਕ ਐਨਡੀਏ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਵਿਰੋਧੀ ਗਠਜੋੜ ਵੀ ਪਿੱਛੇ ਨਹੀਂ ਹੈ। ਇਸ ਤੋਂ ਇਲਾਵਾ ਦੁਨੀਆ ਦੀਆਂ ਨਜ਼ਰਾਂ ਭਾਰਤ ਦੀਆਂ ਚੋਣਾਂ ‘ਤੇ ਟਿਕੀਆਂ ਹੋਈਆਂ ਹਨ ਅਤੇ ਹੁਣ ਦੁਨੀਆ ਭਰ ਦੀਆਂ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਸ਼ੁਰੂਆਤੀ ਰੁਝਾਨਾਂ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਭਾਰਤੀ ਚੋਣਾਂ ‘ਚ ਮੋਦੀ ਗਠਜੋੜ ਦਾ ਦਬਦਬਾ ਹੈ, ਪਰ ਵਿਰੋਧੀ ਗਠਜੋੜ ਵੀ ਜ਼ੋਰ ਫੜ ਰਿਹਾ ਹੈ। ਰਾਹੁਲ ਗਾਂਧੀ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਅਮਰੀਕੀ ਮੀਡੀਆ ਸੰਸਥਾ ਨਿਊਯਾਰਕ ਟਾਈਮਜ਼ ਅਨੁਸਾਰ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਸਖ਼ਤ ਮੁਕਾਬਲਾ ਹੈ ਅਤੇ ਸ਼ੁਰੂਆਤੀ ਰੁਝਾਨ ਉਮੀਦਾਂ ਦੇ ਉਲਟ ਜਾ ਰਹੇ ਹਨ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਅੱਗੇ ਹੈ ਪਰ ਸ਼ਾਇਦ ਭਾਜਪਾ ਬਹੁਮਤ ਹਾਸਲ ਨਹੀਂ ਕਰ ਸਕੇਗੀ ਅਤੇ ਪਾਰਟੀ ਨੂੰ ਬਹੁਮਤ ਲਈ ਛੋਟੀਆਂ ਪਾਰਟੀਆਂ ਦਾ ਸਮਰਥਨ ਲੈਣਾ ਪਵੇਗਾ। ਹਾਲਾਂਕਿ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਫਿਲਹਾਲ ਸਪੱਸ਼ਟ ਤੌਰ ‘ਤੇ ਕਹਿਣਾ ਮੁਸ਼ਕਿਲ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਦੇ ਸਿਆਸੀ ਕਰੀਅਰ ‘ਚ ਇਹ ਪਹਿਲੀ ਵਾਰ ਹੋਵੇਗਾ ਕਿ ਪੀਐੱਮ ਮੋਦੀ ਬਿਨਾਂ ਬਹੁਮਤ ਦੇ ਸਰਕਾਰ ਚਲਾਉਣਗੇ।
ਇਸ ਦੇ ਨਾਲ ਹੀ ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਆਖਿਆ ਹੈ ਕਿ ਮੋਦੀ ਨੇ 400 ਨੂੰ ਪਾਰ ਕਰਨ ਦਾ ਨਾਅਰਾ ਦਿੱਤਾ ਸੀ ਪਰ ਸ਼ੁਰੂਆਤੀ ਰੁਝਾਨਾਂ ਵਿੱਚ ਮੁਕਾਬਲਾ ਸਖ਼ਤ ਹੈ ਅਤੇ ਹੁਣ ਭਾਜਪਾ ਨੂੰ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਲਈ ਸਖ਼ਤ ਸੰਘਰਸ਼ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਸੀਐਨਐਨ ਮੁਤਾਬਕ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਸਭ ਤੋਂ ਅੱਗੇ ਹੈ। ਐਗਜ਼ਿਟ ਪੋਲ ਦੀਆਂ ਨਿਰਾਸ਼ਾਜਨਕ ਭਵਿੱਖਬਾਣੀਆਂ ਦੇ ਉਲਟ ਕਾਂਗਰਸ ਕਈ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।