ਜਲੰਧਰ/ਮਾਲੇਰਕੋਟਲਾ–ਲੰਮੀ ਉਡੀਕ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਵਕਫ਼ ਬੋਰਡ ਦਾ ਗਠਨ ਕਰ ਦਿੱਤਾ ਹੈ। ਵੀਰਵਾਰ ਵਕਫ਼ ਬੋਰਡ ਮੈਂਬਰਾਂ ਦੀ ਨਿਯੁਕਤੀ ਗਜ਼ਟ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ, ਜਿਸ ਵਿਚ ਇਸ ਵਾਰ ਮਾਲੇਰਕੋਟਲਾ ਤੋਂ ਵਿਧਾਇਕ ਡਾ. ਜ਼ਮੀਲ-ਉਰ-ਰਹਿਮਾਨ, ਬਾਰ ਕੌਂਸਲ ਤੋਂ ਐਡਵੋਕੇਟ ਅਬਦੁੱਲ ਕਾਦਿਰ ਪੁੱਤਰ ਮੁਹੰਮਦ ਸੋਨੂੰ ਅਤੇ ਐਡਵੋਕੇਟ ਸ਼ਮਸ਼ਾਦ ਅਲੀ ਪੁੱਤਰ ਮੁਹੰਮਦ ਯਾਸੀਨ, ਪ੍ਰੋਫੈਸ਼ਨਲ ਕੋਟੇ ਤੋਂ ਮੁਹੰਮਦ ਓਵੈਸ ਪੁੱਤਰ ਮੁਹੰਮਦ ਅਬਦੁੱਲ ਰਊਫ, ਯਾਸਮੀਨ ਪ੍ਰਵੀਨ ਪਤਨੀ ਮੁਹੰਮਦ ਗੁਲਜ਼ਾਰ, ਸੋਬੀਆ ਇਕਬਾਲ ਪਤਨੀ ਮੀਸਮ ਅੱਬਾਸ, ਗਵਰਨਮੈਂਟ ਆਫਿਸਰ ਦੇ ਕੋਟੇ ਤੋਂ ਸ਼ੌਕਤ ਅਹਿਮਦ ਪਾਰੇ (ਆਈ. ਏ. ਐੱਸ.), ਹੋਰ ਕੋਟੇ ਤੋਂ ਡਾ. ਅਨਵਰ ਖਾਨ ਪੁੱਤਰ ਮੁਸ਼ਤਾਕ ਖਾਨ, ਬਹਾਦੁਰ ਸ਼ਾਹ ਪੁੱਤਰ ਗਫੂਰ ਖ਼ਾਨ, ਮੁਹੰਮਦ ਸ਼ਾਹਬਾਜ਼ ਪੁੱਤਰ ਮੁਹੰਮਦ ਅਸ਼ਫਾਕ ਦੇ ਨਾਂ ਸ਼ਾਮਲ ਹਨ।
ਉਥੇ ਹੀ ਪੰਜਾਬ ਵਕਫ਼ ਬੋਰਡ ਵਿਚ ਚੇਅਰਮੈਨ ਦੀ ਦਾਅਵੇਦਾਰੀ ਲਈ ਵਿਧਾਇਕ ਡਾ. ਜਮੀਲ-ਉਰ-ਰਹਿਮਾਨ, ਮੁਹੰਮਦ ਓਵੈਸ ਅਤੇ ਡਾ. ਅਨਵਰ ਖਾਨ ਦੌੜ ਵਿਚ ਸ਼ਾਮਲ ਹਨ, ਹਾਲਾਂਕਿ ਇਸ ਵਾਰ ਪੰਜਾਬ ਵਕਫ ਬੋਰਡ ਵਿਚ ਦੋਆਬਾ ਖਾਸ ਕਰ ਕੇ ਜਲੰਧਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਜਲੰਧਰ ਵਿਚ ਆਮ ਆਦਮੀ ਪਾਰਟੀ ਦੀ ਜਦੋਂ 2022 ਵਿਚ ਸਰਕਾਰ ਬਣੀ ਸੀ, ਉਦੋਂ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ‘ਆਪ’ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਮੁਸਲਿਮ ਭਾਈਚਾਰੇ ਨੇ ‘ਆਪ’ ਨੂੰ ਸਮਰਥਨ ਦਿੱਤਾ ਸੀ ਪਰ ਇਸ ਦੇ ਬਾਵਜੂਦ ਜਲੰਧਰ ਤੋਂ ਪਹਿਲੀ ਵਾਰ ਕਿਸੇ ਨੂੰ ਮੈਂਬਰ ਨਹੀਂ ਲਿਆ ਗਿਆ ਹੈ।