ਅੰਮ੍ਰਿਤਸਰ (ਸੰਜੀਵ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਸਾਬਕਾ ਏ. ਆਈ. ਜੀ. ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਜਲੰਧਰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵੱਲੋਂ ਕੀਤੀ ਗਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਦੋਸ਼ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਇਕ ਵਿਅਕਤੀ ਖ਼ਿਲਾਫ਼ ਇਕ ਕਿੱਲੋਗ੍ਰਾਮ ਹੈਰੋਇਨ ਰੱਖਣ ਦਾ ਝੂਠਾ ਕੇਸ ਦਰਜ ਕੀਤਾ ਸੀ। ਉੱਚ ਪੱਧਰੀ ਜਾਂਚ ਤੋਂ ਬਾਅਦ ਰਸ਼ਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ 3 ਅਗਸਤ 2017 ਨੂੰ ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਨੂੰ ਐੱਸ. ਟੀ. ਐੱਫ. ਅੰਮ੍ਰਿਤਸਰ ਟੀਮ ਨੇ ਸਿਵਲ ਹਸਪਤਾਲ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਖ਼ਿਲਾਫ਼ ਇਕ ਕਿੱਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿਚ ਬਲਵਿੰਦਰ ਸਿੰਘ ’ਤੇ ਪਾਕਿਸਤਾਨ ਤੋਂ ਹੈਰੋਇਨ ਆਯਾਤ ਕਰਨ ਅਤੇ ਇਸ ਦੀ ਸਪਲਾਈ ਕਰਨ ਦਾ ਦੋਸ਼ ਸੀ। ਗ੍ਰਿਫ਼ਤਾਰੀ ਤੋਂ ਬਾਅਦ ਬਲਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ।

