ਜਲੰਧਰ – ਪੰਜਾਬ, ਖਾਸ ਕਰ ਕੇ ਦੋਆਬਾ ਇਲਾਕੇ ਦੇ ਲੋਕਾਂ ਨੂੰ ਫਲਾਈਟ ਦੀ ਸਹੂਲਤ ਦਿਵਾਉਣ ਲਈ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਲੀ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਕਿੰਜਾਰਾਪੂ ਨਾਲ ਮੁਲਾਕਾਤ ਕਰ ਕੇ ਆਦਮਪੁਰ ਏਅਰਪੋਰਟ ਤੋਂ ਨਵੀਂ ਫਲਾਈਟ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿਚ ਉਨ੍ਹਾਂ ਕੇਂਦਰੀ ਮੰਤਰੀ ਨੂੰ ਇਕ ਮੰਗ-ਪੱਤਰ ਵੀ ਦਿੱਤਾ, ਜਿਸ ਵਿਚ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਵਾਰਾਣਸੀ, ਦਿੱਲੀ ਅਤੇ ਜੈਪੁਰ ਲਈ ਨਵੀਂ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਮੰਗ ਕੀਤੀ।
ਰਿੰਕੂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਆਰ. ਸੀ. ਐੱਸ. ’ਚ ਆਦਮਪੁਰ ਹਵਾਈ ਅੱਡੇ ਤੋਂ ਕਈ ਰੂਟ ਫਾਈਨਲ ਕੀਤੇ ਗਏ ਸਨ, ਇਸ ਵਿਚ ਆਦਮਪੁਰ ਤੋਂ ਹਿੰਡਨ ਅਤੇ ਨਾਂਦੇੜ ਸਾਹਿਬ ਰੂਟ ’ਤੇ ਫਲਾਈਟ ਸ਼ੁਰੂ ਹੋਈ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇਕ ਕਮਰਸ਼ੀਅਲ ਫਲਾਈਟ ਸ਼ੁਰੂ ਹੋਈ, ਜੋ ਪੂਰੀ ਤਰ੍ਹਾਂ ਸਫਲ ਰਹੀ ਹੈ। ਹੁਣ ਆਦਮਪੁਰ ਹਵਾਈ ਅੱਡੇ ਤੋਂ ਇਕ ਕਮਰਸ਼ੀਅਲ ਫਲਾਈਟ ਸ਼ੁਰੂ ਕੀਤੀ ਜਾਵੇ, ਜੋ ਸਿੱਧੀ ਆਈ. ਜੀ. ਆਈ. (ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ) ਦਿੱਲੀ ਨੂੰ ਉਡਾਣ ਭਰੇ। ਇਸ ਦੇ ਇਲਾਵਾ ਇਕ ਫਲਾਈਟ ਆਦਮਪੁਰ ਤੋਂ ਵਾਰਾਣਸੀ ਨੂੰ ਸ਼ੁਰੂ ਕੀਤੀ ਜਾਵੇ।

