ਤਰਨਤਾਰਨ : ਦੀਵਾਲੀ ਦੀ ਰਾਤ ਪਿੰਡ ਧਗਾਣਾ ਵਿਖੇ ਕਰੀਬ 9:30 ਵਜੇ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਵੱਲੋਂ ਗੁਆਂਢ ‘ਚ ਰਹਿੰਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਪੰਚਾਇਤ ਮਨਦੀਪ ਕੌਰ ਪਤਨੀ ਜਤਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਲੱਗਣ ਕਾਰਣ ਗੰਭੀਰ ਜ਼ਖਮੀ ਹਾਲਤ ਵਿਚ ਜਦੋਂ ਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਭੱਟੀ ਲਵਕੇਸ਼ ਸੈਣੀ ਨੇ ਦੱਸਿਆ ਕਿ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਵੱਲੋਂ ਆਪਣੇ ਟਰੈਕਟਰ ਉੱਪਰ ਤੇਜ਼ ਆਵਾਜ਼ ਕਰਕੇ ਡੀ.ਜੇ ਵਾਂਗ ਗਾਣੇ ਚਲਾਏ ਜਾ ਰਹੇ ਸਨ ਜਿਸ ਦਾ ਵਿਰੋਧ ਜਦੋਂ ਨਜ਼ਦੀਕ ਰਹਿੰਦੇ ਜਤਿੰਦਰ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਵੱਲੋਂ 12 ਬੋਰ ਦੇ ਰਾਇਫਲ ਨਾਲ ਜਤਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਜਗਰੂਪ ਸਿੰਘ ਉੱਪਰ ਫਾਇਰ ਕੀਤਾ ਗਿਆ ਜੋ ਜਤਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਜਾ ਲੱਗਾ।
ਜ਼ਖਮੀ ਹਾਲਤ ਵਿਚ ਖੂਨ ਨਾਲ ਲੱਥ ਪੱਥ ਮਨਦੀਪ ਕੌਰ ਨੂੰ ਤੁਰੰਤ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਦੂਜੇ ਪਾਸੇ ਡੀਐੱਸਪੀ ਲਵਕੇਸ਼ ਸੈਣੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੁਖਵਿੰਦਰ ਸਿੰਘ ਅਤੇ ਉਸਦੇ ਭਰਾ ਲਖਵਿੰਦਰ ਸਿੰਘ ਪੁੱਤਰ ਆਣ ਸਾਹਿਬ ਸਿੰਘ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

