ਜਲੰਧਰ – ਕਮਲ ਵਿਹਾਰ ਦੇ ਰਹਿਣ ਵਾਲੇ ਸਾਬਕਾ ਨਿਗਮ ਕਰਮਚਾਰੀ ਜੋਗਿੰਦਰ ਕੁਮਾਰ ਨੇ ਰੇਲਗੱਡੀ ਦੇ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਤੋਂ ਬਰਾਮਦ ਸੁਸਾਈਡ ਨੋਟ ਅਤੇ ਉਸ ਦੇ ਬੇਟੇ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਕਾਂਗਰਸੀ ਆਗੂ ਨੀਲਕੰਠ ਜੱਜ ਸਮੇਤ 6 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਸੁਸਾਈਡ ਨੋਟ ਵਿਚ ਮ੍ਰਿਤਕ ਨੇ ਲਿਖਿਆ ਕਿ ਪੈਸੇ ਵਾਪਸ ਮੋੜਨ ਦੇ ਬਾਵਜੂਦ ਚੈੱਕ ਲਾ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਆਤਮਹੱਤਿਆ ਦਾ ਘਟਨਾਕ੍ਰਮ ਕਮਲ ਵਿਹਾਰ ਦੇ ਬਸ਼ੀਰਪੁਰਾ ਵਾਲੇ ਟਰੈਕ ’ਤੇ ਸਵੇਰੇ 6 ਵਜੇ ਦੇ ਲੱਗਭਗ ਵਾਪਰਿਆ। ਡੈੱਡ ਬਾਡੀ ਮਿਲਣ ਤੋਂ ਬਾਅਦ ਉਥੇ ਭੀੜ ਇਕੱਠੀ ਹੋ ਗਈ।
ਟਰੈਕ ਦੇ ਨਾਲ ਹੋਏ ਹਾਦਸੇ ਕਾਰਨ ਨਗਰ ਨਿਗਮ ਦੇ ਸਾਬਕਾ ਜੇ. ਈ. ਜੋਗਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੇਲਵੇ ਨਾਲ ਸਬੰਧਤ ਹੋਣ ਕਾਰਨ ਜੀ. ਆਰ. ਪੀ. ਥਾਣੇ ਵੱਲੋਂ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਚ ਫਾਈਨਾਂਸਰਾਂ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਦੀ ਤਸਵੀਰ ਬਣਾ ਕੇ ਦੇਖੀ ਜਾ ਰਹੀ ਹੈ। ਤੱਥ ਜੁਟਾ ਕੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਜੀ. ਆਰ. ਪੀ. ਥਾਣੇ ਵੱਲੋਂ ਜੋਗਿੰਦਰ ਕੁਮਾਰ ਵੱਲੋਂ ਲਿਖੇ ਸੁਸਾਈਡ ਨੋਟ ਅਤੇ ਉਸਦੇ ਬੇਟੇ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਦੰਡ ਜ਼ਾਬਤਾ (ਬੀ. ਡੀ. ਐੱਸ.) ਧਾਰਾ 108 ਤਹਿਤ ਐੱਫ. ਆਈ. ਆਰ. ਨੰਬਰ 71 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ ਨੀਲਕੰਠ ਜੱਜ ਮਨਜਿੰਦਰ ਸਿੱਕਾ, ਆਸ਼ੂ, ਸਤਪਾਲ, ਮਨੀਸ਼ ਸ਼ਰਮਾ, ਰਮਨ ਕੁਮਾਰ ਤੇ ਸੋਹਣ ਲਾਲ (ਸਾਰੇ ਨਿਵਾਸੀ ਜਲੰਧਰ) ਦਾ ਨਾਂ ਸ਼ਾਮਲ ਹੈ। ਇਨ੍ਹਾਂ ਵਿਚ ਨੀਲਕੰਠ ਜੱਜ ਕਾਂਗਰਸ ਦਾ ਸੀਨੀਅਰ ਆਗੂ ਹੈ, ਜਦੋਂ ਕਿ ਦੂਜੇ ਵਿਅਕਤੀਆਂ ਦੀ ਪਛਾਣ ਲਈ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।