ਜਲੰਧਰ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਰਾਜਨੀਤਿਕ ਪਾਰਟੀਆਂ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਤਾਂ ਉੱਥੇ ਹੀ ਵਿਧਾਨ ਸਭਾ ਸੰਸਦ ਮੈਂਬਰਾਂ ਦੇ ਅਹੁਦੇ ਦੇ ਉਮੀਦਵਾਰਾਂ ਦੇ ਪਰਿਵਾਰ ਵੀ ਇਸ ਚੋਣ ਪ੍ਰਚਾਰ ਵਿੱਚ ਉਮੀਦਵਾਰਾਂ ਦੇ ਨਾਲ ਖੜੇ ਹੋ ਕੇ ਪ੍ਰਚਾਰ ਕਰ ਰਹੇ ਹਨ। ਅਜਿਹੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਪਿਤਾ ਅਤੇ ਸਾਬਕਾ ਮੰਤਰੀ ਚੁੰਨੀਲਾਲ ਭਗਤ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਵਿਚ ਉਨ੍ਹਾਂ ਦੇ ਬੇਟੇ ਦਾ ਸਾਥ ਦੇਣ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ।
ਦਰਅਸਲ ਸ਼ੁੱਕਰਵਾਰ ਨੂੰ ਇਕ ਵੀਡੀਓ ਸੰਦੇਸ਼ ਜਾਰੀ ਕਰਦੇ ਚੁੰਨੀਲਾਲ ਭਗਤ ਨੇ ਆਪਣੇ ਬੇਟੇ ਦੇ ਹੱਕ ֈ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਤਾਂ ਉਮਰ ਹੋ ਗਈ ਹੈ, ਇਸ ਲਈ ਮੈਂ ਆਪਣੇ ਬੇਟੇ ਨੂੰ ਚੋਣ ਲੜਨ ਲਈ ਕਿਹਾ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਮੋਹਿੰਦਰ ਭਗਤ ਨੂੰ ਜਿਤਾਓ। ਉਹ ਮੇਰੇ ਨਾਲੋਂ ਵੱਧ ਈਮਾਨਦਾਰੀ ਅਤੇ ਲਗਨ ਨਾਲ ਕੰਮ ਕਰੇਗਾ ਅਤੇ ਇਸ ਖ਼ੇਤਰ ਦਾ ਵਿਕਾਸ ਕਰੇਗਾ। ਮੋਹਿੰਦਰ ਭਗਤ ਇਕ ਈਮਾਨਦਾਰ ਵਿਅਕਤੀ ਹੈ। ਇਹ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਚੁੰਨੀਲਾਲ ਭਗਤ ਜਲੰਧਰ ਪੱਛਮੀ ਸੀਟ ਤੋਂ ਇਕ ਵਾਰ ਅਤੇ ਜਲੰਧਰ ਦੱਖਣੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਆਪਣੇ ਸਮੇਂ ’ਤੇ ਉਹ ਅਕਾਲੀ-ਭਾਜਪਾ ਸਰਕਾਰ ਦੌਰਾਨ ਲੋਕਲ ਬਾਡੀਜ਼ ਸਮੇਤ ਕਈ ਅਹਿਮ ਮੰਤਰਾਲਿਆਂ ਦੇ ਮੰਤਰੀ ਰਹੇ ਹਨ।